January 15, 2025
#ਖੇਡਾਂ

ਸੁਸ਼ੀਲ ਕੁਮਾਰ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਕਟਾਈ

ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਅੱਜ ਇੱਥੇ 74 ਕਿਲੋ ਵਜ਼ਨ ਵਰਗ ਦੇ ਵਿਵਾਦਤ ਟਰਾਇਲ ਵਿੱਚ ਜਤਿੰਦਰ ਕੁਮਾਰ ਨੂੰ 4-2 ਨਾਲ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਥਾਂ ਬਣਾਈ।ਦੋਵਾਂ ਪਹਿਲਵਾਨਾਂ ਨੇ ਹਮਲਾਵਰ ਖੇਡਦਿਆਂ ਫਾਈਨਲ ਵਿੱਚ ਇੱਕ ਦੂਜੇ ’ਤੇ ਤਿੱਖੇ ਹਮਲੇ ਕੀਤੇ। ਆਈਜੀਆਈ ਸਟੇਡੀਅਮ ’ਤੇ ਇਹ ਮੁਕਾਬਲਾ ਵੇਖਣ ਲਈ ਕਰੀਬ 1500 ਦਰਸ਼ਕ ਮੌਜੂਦ ਸਨ। ਸੁਸ਼ੀਲ ਨੇ ਪਹਿਲੇ ਗੇੜ ਵਿੱਚ 4-0 ਦੀ ਲੀਡ ਬਣਾ ਲਈ। ਦੂਜੇ ਗੇੜ ਵਿੱਚ ਜਤਿੰਦਰ ਦੀ ਅੱਖ ’ਤੇ ਸੱਟ ਲੱਗ ਗਈ। ਕਰੀਬ ਇਕ ਸਾਲ ਮਗਰੋਂ ਮੈਟ ’ਤੇ ਪਰਤੇ ਸੁਸ਼ੀਲ ਕੁਮਾਰ ਨੇ ਤੁਰੰਤ ਇਸ ਦੇ ਲਈ ਮੁਆਫ਼ੀ ਮੰਗੀ। ਇਸ ਮਗਰੋਂ ਸੁਸ਼ੀਲ ਦੇ ਇੱਕ ਹੋਰ ਦਾਅ ਨਾਲ ਜਤਿੰਦਰ ਦੀ ਕੂਹਣੀ ਜ਼ਖ਼ਮੀ ਹੋ ਗਈ। ਦਰਦ ਕਾਰਨ ਉਸ ਦੀ ਚੀਕ ਨਿਕਲ ਗਈ। ਇਸ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਅਤੇ ਸੁਸ਼ੀਲ ਦਾ ਸੱਜਾ ਪੈਰ ਤਿੰਨ ਵਾਰ ਜਕੜਿਆ, ਪਰ ਪਕੜ ਢਿੱਲੀ ਹੋਣ ਕਾਰਨ ਉਹ ਇਸ ਨੂੰ ਅੰਕਾਂ ਵਿੱਚ ਨਹੀਂ ਬਦਲ ਸਕਿਆ। ਸੁਸ਼ੀਲ ਨੂੰ ਮੁਕਾਬਲੇ ਦੌਰਾਨ ਦੋ ਮੈਡੀਕਲ ਬਰੇਕ ਲੈਣੇ ਪਏ। ਜਤਿੰਦਰ ਨੇ ਦੋ ਅੰਕ ਲੈ ਕੇ ਹਾਰ ਦਾ ਫ਼ਰਕ ਘਟਾਇਆ। ਜਤਿੰਦਰ ਨੇ ਮੁਕਾਬਲੇ ਮਗਰੋਂ ਕਿਹਾ, ‘‘ਸਾਰਿਆਂ ਨੇ ਦੇਖਿਆ ਕਿ ਉਹ (ਸੁਸ਼ੀਲ) ਕਿਸ ਤਰ੍ਹਾਂ ਖੇਡਿਆ। ਮੈਂ ਕੁਸ਼ਤੀ ਲੜ ਰਿਹਾ ਸੀ ਅਤੇ ਉਹ। ਅੱਖ ’ਤੇ ਸੱਟ ਕਾਰਨ ਮੈਨੂੰ ਦੇਖਣਾ ਔਖਾ ਹੋ ਗਿਆ ਸੀ। ਉਹ ਬੇਲੋੜੇ ਬਰੇਕ ਵੀ ਲੈ ਰਿਹਾ ਸੀ।’’ਜਤਿੰਦਰ ਦੇ ਕੋਚ ਜੈਵੀਰ ਨੇ ਵੀ ਸੁਸ਼ੀਲ ਕੁਮਾਰ ’ਤੇ ਮੁਕਾਬਲਾ ਇਮਾਨਦਾਰੀ ਨਾਲ ਨਾ ਲੜਨ ਦਾ ਦੋਸ਼ ਲਾਇਆ। ਉਸ ਨੇ ਕਿਹਾ, ‘‘ਉਸ ਨੇ ਜਾਣ-ਬੁੱਝ ਕੇ ਅਜਿਹਾ ਕੀਤਾ। ਉਹ ਲਗਾਤਾਰ ਅਜਿਹਾ ਕਰਦਾ ਆ ਰਿਹਾ ਹੈ। ਉਸ ਨੇ 2012 ਓਲੰਪਿਕ ਵਿੱਚ ਵੀ ਏਹੀ ਕੀਤਾ ਸੀ। ਰੈਫਰੀ ਵੀ ਉਸ ਦੇ ਨਾਲ ਸਨ। ਉਹ ਨਹੀਂ ਚਾਹੁੰਦੇ ਸਨ ਕਿ ਸੁਸ਼ੀਲ ਖ਼ਿਲਾਫ਼ ਕੋਈ ਹੋਰ ਨਾ ਜਿੱਤੇ।’’ ਸੁਸ਼ੀਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ, ‘‘ਮੈਂ ਜਾਣ-ਬੁੱਝ ਕੇ ਸੱਟ ਨਹੀਂ ਮਾਰੀ। ਉਹ ਮੇਰੇ ਛੋਟੇ ਭਰਾ ਵਰਗਾ ਹੈ। ਇਹ ਚੰਗਾ ਮੁਕਾਬਲਾ ਸੀ ਅਤੇ ਅਜਿਹੇ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਹਨ।’’ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਵੀ ਸੁਸ਼ੀਲ ਦਾ ਸਮਰਥਨ ਕੀਤਾ। ਉਸ ਨੇ ਕਿਹਾ, ‘‘ਮੁਕਾਬਲੇ ਵਿੱਚ ਕੋਈ ਖ਼ਰਾਬੀ ਨਹੀਂ ਸੀ। ਜਦੋਂ ਵਿਨੇਸ਼ ਫੋਗਾਟ ਦਾ ਗੋਡਾ ਟੁੱਟਿਆ ਸੀ ਕੀ ਇਸ ਵਿੱਚ ਵਿਰੋਧੀ ਖਿਡਾਰੀ ਦਾ ਦੋਸ਼ ਸੀ। ਕੁਸ਼ਤੀ ਵਿੱਚ ਅਜਿਹਾ ਹੁੰਦਾ ਹੈ। ਕੋਈ ਵੀ ਪਹਿਲਵਾਨ ਹੱਥ ਬੰਨ੍ਹ ਕੇ ਮੈਟ ’ਤੇ ਨਹੀਂ ਉਤਰਦਾ।’’