ਸ੍ਰੀਸੰਤ ’ਤੇ ਅਗਲੇ ਸਾਲ ਪਾਬੰਦੀ ਹੋਵੇਗੀ ਖ਼ਤਮ
ਬੀਸੀਸੀਆਈ ਦੇ ਲੋਕਪਾਲ ਡੀਕੇ ਜੈਨ ਨੇ ਆਦੇਸ਼ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ ਵਿੱਚ ਦਾਗ਼ੀ ਤੇਜ਼ ਗੇਂਦਬਾਜ਼ ਐੱਸ ਸ੍ਰੀਕਾਂਤ ਦੀ ਪਾਬੰਦੀ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਛੇ ਸਾਲ ਤੋਂ ਚੱਲੀ ਆ ਰਹੀ ਪਾਬੰਦੀ ਕਾਰਨ ਆਪਣਾ ਸਰਵੋਤਮ ਦੌਰ ਪਹਿਲਾਂ ਹੀ ਗੁਆ ਚੁੱਕਿਆ ਹੈ।ਬੀਸੀਸੀਆਈ ਨੇ ਸ੍ਰੀਸੰਤ ’ਤੇ ਅਗਸਤ 2013 ਵਿੱਚ ਪਾਬੰਦੀ ਲਾਈ ਸੀ। ਉਸ ਤੋਂ ਇਲਾਵਾ ਆਈਪੀਐਲ ਵਿੱਚ ਕਥਿਤ ਤੌਰ ’ਤੇ ਸਪਾਟ ਫਿਕਸਿੰਗ ਕਰਨ ਵਾਲੇ ਰਾਜਸਥਾਨ ਰੌਇਲਜ਼ ਦੇ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ ’ਤੇ ਵੀ ਪਾਬੰਦੀ ਲਾਈ ਗਈ ਸੀ।ਸੁਪਰੀਮ ਕੋਰਟ ਨੇ ਇਸ ਸਾਲ 15 ਮਾਰਚ ਨੂੰ ਬੀਸੀਸੀਆਈ ਦੀ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਬਦਲ ਦਿੱਤਾ ਸੀ। ਹੁਣ ਸੱਤ ਅਗਸਤ ਦੇ ਆਪਣੇ ਫ਼ੈਸਲੇ ਵਿੱਚ ਜੈਨ ਨੇ ਕਿਹਾ ਕਿ ਇਹ ਪਾਬੰਦੀ ਸੱਤ ਸਾਲ ਦੀ ਹੋਵੇਗੀ ਅਤੇ ਉਹ ਅਗਲੇ ਸਾਲ ਖੇਡ ਸਕੇਗਾ। ਜੈਨ ਨੇ ਕਿਹਾ, ‘‘ਹੁਣ ਸ੍ਰੀਸੰਤ 35 ਦੀ ਉਮਰ ਪਾਰ ਕਰ ਚੁੱਕਿਆ ਹੈ। ਬਤੌਰ ਕ੍ਰਿਕਟਰ ਉਸ ਦਾ ਸਰਵੋਤਮ ਦੌਰ ਬੀਤ ਗਿਆ ਹੈ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਪਾਰਕ ਕ੍ਰਿਕਟ ਜਾਂ ਬੀਸੀਸੀਆਈ ਜਾਂ ਉਸ ਦੀਆਂ ਮੈਂਬਰ ਇਕਾਈਆਂ ਨਾਲ ਜੁੜਨ ਸਬੰਧੀ ਸ੍ਰੀਸੰਤ ’ਤੇ ਲੱਗੀ ਪਾਬੰਦੀ 13 ਸਤੰਬਰ 2013 ਤੋਂ ਸੱਤ ਸਾਲ ਦੀ ਕਰਨਾ ਸਹੀ ਹੋਵੇਗਾ।’’