ਬਰਾਕ ਓਬਾਮਾ ਦੀ ਬਾਸਕਟਬਾਲ ਜਰਸੀ 1.20 ਲੱਖ ਡਾਲਰ ਚ ਨੀਲਾਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਕ ਬਾਸਕਟਬਾਲ ਜਰਸੀ ਦੀ ਸੋਮਵਾਰ ਨੂੰ ਨੀਲਾਮੀ ਕੀਤੀ ਗਈ। ਡਲਾਸ ਆਕਸ਼ਨ ਹਾਊਸ ਮੁਤਾਬਕ ਜਰਸੀ 1,20,000 ਡਾਲਰ (85,86,300 ਰੁਪਏ) ਵਿਚ ਵਿਕੀ। ਓਬਾਮਾ ਦੀ 23 ਨੰਬਰ ਦੀ ਇਹ ਜਰਸੀ ਉਸ ਸਮੇਂ ਦੀ ਹੈ ਜਦੋਂ ਉਹ 18 ਸਾਲ ਦੇ ਸਨ ਅਤੇ ਹਵਾਈ ਦੇ ਪੁਨਾਹੌ ਹਾਈ ਸਕੂਲ ਵਿਚ ਪੜ੍ਹਦੇ ਸਨ। ਨੀਲਾਮੀ ਦੇ ਬੁਲਾਰੇ ਐਰਿਕ ਬ੍ਰੈਡਲੀ ਨੇ ਕਿਹਾ ਕਿ ਬੋਲੀ ਬਹੁਤ ਮੁਕਾਬਲੇ ਦੀ ਰਹੀ। ਜਰਸੀ ਨੂੰ ਖਰੀਦਣ ਲਈ 27 ਬੋਲੀਆਂ ਲਗਾਈਆਂ ਗਈਆਂ। ਇਨ੍ਹਾਂ ਵਿਚੋਂ ਸੱਤ ਜਾਂ ਅੱਠ ਬੋਲੀਆਂ ਵਿਚ ਬਹੁਤ ਜ਼ਿਆਦਾ ਰਾਸ਼ੀ ਲਗਾਈ ਗਈ ਸੀ। ਨੀਲਾਮੀ ਵਿਚ ਜਰਸੀ ਨੂੰ ਰੱਖਣ ਤੋਂ ਪਹਿਲਾਂ ਹੀ ਇਸ ਦਾ ਮੁੱਲ 1 ਲੱਖ ਡਾਲਰ ਰੱਖਿਆ ਗਿਆ ਸੀ। ਓਬਾਮਾ ਬਾਸਕਟਬਾਲ ਖੇਡ ਦੇ ਸ਼ੁਕੀਨ ਹਨ। ਰਾਸ਼ਟਰਪਤੀ ਅਹੁਦੇ ‘ਤੇ ਰਹਿਣ ਦੌਰਾਨ ਅਕਸਰ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਭਵਨ ਦੇ ਕਰਮਚਾਰੀਆਂ, ਮਸ਼ਹੂਰ ਹਸਤੀਆਂ ਜਾਂ ਹੋਰ ਮਹਿਮਾਨਾਂ ਨਾਲ ਇਹ ਗੇਮ ਖੇਡਦਿਆਂ ਦੇਖਿਆ ਗਿਆ ਸੀ।ਓਬਾਮਾ ਦੇ ਬਾਅਦ ਪੁਨਾਹੌ ਸਕੂਲ ਵਿਚ ਪੜ੍ਹਨ ਵਾਲੇ ਪੀਟਰ ਨੋਬਲ ਨੇ ਜੇਕਰ 23 ਨੰਬਰ ਨਾ ਚੁਣਿਆ ਹੁੰਦਾ ਤਾਂ ਉਸ ਨੰਬਰ ਦੀ ਜਰਸੀ ਨੂੰ ਸਕੂਲ ਨੇ ਛੱਡ ਦਿੱਤਾ ਹੁੰਦਾ। ਉਹ ਓਬਾਮਾ ਦੇ 3 ਸਾਲ ਜੂਨੀਅਰ ਸਨ ਅਤੇ ਜੂਨੀਅਰ ਵਰਸਿਟੀ ਟੀਮ ਦੇ ਮੈਂਬਰ ਦੇ ਰੂਪ ਵਿਚ 23 ਨੰਬਰ ਦੀ ਜਰਸੀ ਪਹਿਨਦੇ ਸਨ।