ਸਮਿਥ ਸੱਟ ਕਾਰਨ ਤੀਜੇ ਟੈਸਟ ਤੋਂ ਬਾਹਰ ਹੋਏ
ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਸੱਟ ਕਾਰਨ ਵੀਰਵਾਰ ਨੂੰ ਹੇਡਿੰਗਲੇ ‘ਚ ਖੇਡੇ ਜਾਣ ਵਾਲੇ ਏਸ਼ੇਜ਼ ਸੀਰੀਜ਼ ਦੇ ਤੀਜੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੋਚ ਜਸਟਿਨ ਲੈਂਗਰ ਨੇ ਦੱਸਿਆ ਕਿ ਸਮਿਥ ਨੇ ਮੰਗਲਵਾਰ ਨੂੰ ਆਸਟਰੇਲੀਆ ਦੇ ਟ੍ਰੇਨਿੰਗ ਕੈਂਪ ‘ਚ ਹਿੱਸਾ ਨਹੀਂ ਲਿਆ। ਲਾਰਡਸ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੈਸਟ ਦੇ ਚੌਥੇ ਦਿਨ (ਸ਼ਨੀਵਾਰ ਨੂੰ) ਸਮਿਥ ਤੇਜ਼ ਗੇਂਦਬਾਜ਼ ਆਰਚਰ ਦੇ ਸਪੈਲ ‘ਚ ਦੋ ਵਾਰ ਸੱਟ ਦਾ ਸ਼ਿਕਾਰ ਹੋਏ। ਪਹਿਲੀ ਵਾਰ ਗੇਂਦ ਉਨ੍ਹਾਂ ਦੇ ਹੱਥ ‘ਤੇ ਲੱਗੀ ਜਦਕਿ ਦੂਜੀ ਵਾਰ ਗਰਦਨ ‘ਤੇ ਲੱਗੀ।ਸਮਿਥ ਜਦੋਂ 80 ਦੌੜਾਂ ਬਣਾ ਕੇ ਖੇਡ ਰਹੇ ਸਨ ਉਦੋਂ ਆਰਚਰ ਦੀ 92.3 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਕੀਤੀ ਗਈ ਗੇਂਦ ਉਨ੍ਹਾਂ ਦੀ ਗਰਦਨ ਅਤੇ ਸਿਰ ਦੇ ਵਿਚਾਲੇ ਹਿੱਸੇ ‘ਤੇ ਲੱਗੀ ਅਤੇ ਉਹ ਡਿਗ ਪਏ। ਇਸ ਤੋਂ ਬਾਅਦ ਉਹ ਰਿਟਾਇਰਡ ਹਰਟ ਹੋ ਗਏ। ਹਾਲਾਂਕਿ 46 ਮਿੰਟ ਬਾਅਦ ਉਹ ਫਿਰ ਮੈਦਾਨ ‘ਤੇ ਉਤਰੇ ਅਤੇ 92 ਦੌੜਾਂ ਬਣਾ ਕੇ ਕ੍ਰਿਸ ਵੋਕਸ ਦੀ ਗੇਂਦ ‘ਤੇ ਐੱਲ. ਬੀ. ਡਬਲਿਊ. ਆਊਟ ਹੋ ਗਏ।