July 13, 2025
#ਖੇਡਾਂ

ਬਾਂਗੜ ਦੀ ਥਾਂ ਰਾਠੌੜ ਹੋਣਗੇ ਬੱਲੇਬਾਜ਼ੀ ਕੋਚ

ਸਾਬਕਾ ਸਲਾਮੀ ਬੱਲੇਬਾਜ਼ ਵਿਕਰਮ ਰਾਠੌੜ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਬੱਲੇਬਾਜ਼ੀ ਕੋਚ ਹੋਣਗੇ। ਉਹ ਸੰਜੇ ਬਾਂਗੜ ਦੀ ਜਗ੍ਹਾ ਲੈਣਗੇ ਜਦੋਂਕਿ ਭਰਤ ਅਰੁਣ ਤੇ ਆਰ ਸ੍ਰੀਧਰ ਕ੍ਰਮਵਾਰ ਗੇਂਦਬਾਜ਼ੀ ਤੇ ਫਿਲਡਿੰਗ ਕੋਚ ਬਣੇ ਰਹਿਣਗੇ।ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਸੀਨੀਅਰ ਕੌਮੀ ਚੋਣ ਕਮੇਟੀ ਨੇ ਸਹਿਯੋਗੀ ਸਟਾਫ਼ ਦੇ ਇਨ੍ਹਾਂ ਤਿੰਨਾਂ ਅਹਿਮ ਅਹੁਦਿਆਂ ਲਈ ਤਿੰਨ-ਤਿੰਨ ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ ਅਤੇ ਹਿੱਤਾਂ ਦੇ ਟਕਰਾਅ ਨਾਲ ਜੁੜੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹਰੇਕ ਵਰਗ ਵਿਚ ਜਿਨ੍ਹਾਂ ਕੋਚਾਂ ਦੇ ਨਾਂ ਸਿਖ਼ਰ ’ਤੇ ਹਨ ਉਨ੍ਹਾਂ ਨੂੰ ਨਿਯੁਕਤ ਕੀਤਾ ਜਾਵੇਗਾ। 50 ਸਾਲਾ ਰਾਠੌੜ ਨੇ 1996 ’ਚ ਭਾਰਤ ਵੱਲੋਂ ਛੇ ਟੈਸਟ ਤੇ ਸੱਤ ਇਕ ਰੋਜ਼ਾ ਮੈਚ ਖੇਡੇ ਪਰ ਉਨ੍ਹਾਂ ਨੂੰ ਖ਼ਾਸ ਸਫ਼ਲਤਾ ਨਹੀਂ ਮਿਲੀ। ਘਰੇਲੂ ਕ੍ਰਿਕਟ ’ਚ ਹਾਲਾਂਕਿ ਪੰਜਾਬ ਵੱਲੋਂ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਉਹ ਕੁਝ ਸਾਲ ਪਹਿਲਾਂ (2016) ਤੱਕ ਸੰਦੀਪ ਪਾਟਿਲ ਦੀ ਅਗਵਾਈ ਵਾਲੀ ਸੀਨੀਅਰ ਚੋਣ ਕਮੇਟੀ ਦੇ ਮੈਂਬਰ ਸਨ। ਚੋਣ ਕਮੇਟੀ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਮੌਜੂਦਾ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਦੂਜੇ ਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਮਾਰਕ ਰਾਮਪ੍ਰਕਾਸ਼ ਤੀਜੇ ਨੰਬਰ ’ਤੇ ਹੈ। ਜਿੱਥੋਂ ਤੱਕ ਅਰੁਣ ਦਾ ਸਵਾਲ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਰਹਿੰਦੇ ਹੋਏ ਭਾਰਤੀ ਗੇਂਦਬਾਜ਼ੀ ਹਮਲਾ ਵਿਸ਼ਵ ਪੱਧਰੀ ਬਣਿਆ ਹੈ।