ਭਾਰਤ ਸਮੇਤ ਹੋਰ ਦੇਸ਼ ਵੀ ਅਫਗਾਨਿਸਤਾਨ ਵਿੱਚ ਆਈ. ਐਸ. ਆਈ. ਐਸ ਵਿਰੁੱਧ ਲੜਨ : ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਵਿਰੁੱਧ ਲੜਾਈ ਕਰਨੀ ਚਾਹੀਦੀ ਹੈ| ਵ੍ਹਾਊਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਅੱਤਵਾਦੀ ਸੰਗਠਨਾਂ ਵਿਰੁੱਧ ਭਾਰਤ ਸਮੇਤ ਰੂਸ, ਤੁਰਕੀ, ਇਰਾਕ ਅਤੇ ਪਾਕਿਸਤਾਨ ਨੂੰ ਵੀ ਆਪਣੀ ਭੂਮਿਕਾ ਅਦਾ ਕਰਨ ਦੀ ਲੋੜ ਹੈ| ਟਰੰਪ ਨੇ ਸ਼ਿਕਾਇਤੀ ਲਹਿਜੇ ਵਿਚ ਕਿਹਾ ਕਿ ਪਿਛਲੇ 19 ਸਾਲਾਂ ਤੋਂ 7000 ਮੀਲ ਦੀ ਦੂਰੀ ਤੋਂ ਅਮਰੀਕਾ ਇਕੱਲੇ ਹੀ ਅਫਗਾਨਿਸਤਾਨ ਵਿਚ ਅੱਤਵਾਦੀਆਂ ਵਿਰੁੱਧ ਆਪਰੇਸ਼ਨ ਚਲਾ ਰਿਹਾ ਹੈ| ਜਦਕਿ ਬਾਕੀ ਦੇਸ਼ ਬਿਲਕੁੱਲ ਵੀ ਸਾਥ ਨਹੀਂ ਦੇ ਰਹੇ ਹਨ| ਅਫਗਾਨਿਸਤਾਨ ਵਿਚ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਦੀ ਵੱਧਦੀ ਸਰਗਰਮੀ ਦੇ ਸਵਾਲ ਤੇ ਟਰੰਪ ਨੇ ਕਿਹਾ,”ਭਾਰਤ ਉੱਥੇ ਮੌਜੂਦ ਹੈ ਪਰ ਉਹ ਲੜ ਨਹੀਂ ਰਿਹਾ, ਅਸੀਂ ਲੜ ਰਹੇ ਹਾਂ| ਪਾਕਿਸਤਾਨ ਵੀ ਉਨ੍ਹਾਂ ਦੇ ਨੇੜੇ ਹੈ ਉਹ ਲੜ ਰਿਹਾ ਹੈ ਪਰ ਉਹ ਬਹੁਤ ਘੱਟ ਕੋਸ਼ਿਸ਼ਾਂ ਕਰ ਰਿਹਾ ਹੈ| ਜਿੱਥੇ ਕਿਤੇ ਵੀ ਆਈ.ਐਸ.ਆਈ.ਐਸ. ਦੀ ਮੌਜੂਦਗੀ ਹੈ ਕਿਸੇ ਨਾ ਕਿਸੇ ਸਮੇਂ ਇਨ੍ਹਾਂ ਦੇਸ਼ਾਂ ਨੂੰ ਅੱਤਵਾਦੀਆਂ ਨਾਲ ਲੜਨਾ ਹੀ ਪਵੇਗਾ|”ਇਸ ਮਗਰੋਂ ਟਰੰਪ ਨੇ ਤੁਰਕੀ, ਇਰਾਕ, ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਮ ਦਾ ਜ਼ਿਕਰ ਕੀਤਾ| ਜਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਭਾਰਤ ਦੀ ਭੂਮਿਕਾ ਨੂੰ ਲੈ ਕੇ ਟਰੰਪ ਦੀ ਰਣਨੀਤੀ ਵਿਚ ਇਹ ਵੱਡੀ ਤਬਦੀਲੀ ਹੈ| ਟਰੰਪ ਦੀ ਖੁਦ ਦੀ ਦੱਖਣੀ ਏਸ਼ੀਆ ਦੀ ਰਣਨੀਤੀ ਵਿਚ ਭਾਰਤ ਦੀ ਭੂਮਿਕਾ ਅਫਗਾਨਿਸਤਾਨ ਵਿਚ ਰਚਨਾਤਮਕ ਅਤੇ ਵਿਕਾਸ ਕੰਮਾਂ ਵਿਚ ਤੈਅ ਕੀਤੀ ਗਈ ਸੀ| ਭਾਰਤ ਅਫਗਾਨਿਸਤਾਨ ਦੇ ਵਿਕਾਸ ਕੰਮਾਂ ਵਿਚ ਲਗਾਤਾਰ ਆਪਣਾ ਯੋਗਦਾਨ ਦੇ ਰਿਹਾ ਹੈ| ਅਜਿਹੇ ਵਿਚ ਟਰੰਪ ਦੀ ਇਹ ਨਵੀਂ ਆਸ ਹੈਰਾਨਂ ਕਰ ਦੇਣ ਵਾਲੀ ਹੈ| ਜਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਉਹ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਦੀ ਪੂਰੀ ਤਰ੍ਹਾਂ ਵਾਪਸੀ ਨਹੀਂ ਕਰਾਉਣਗੇ ਪਰ ਉਹ ਉੱਥੇ ਕਿਸੇ ਦੀ ਮੌਜੂਦਗੀ ਚਾਹੁੰਦਾ ਹੈ ਤਾਂ ਜੋ ਤਾਲਿਬਾਨ ਮੁੜ ਅਫਗਾਨਿਸਤਾਨ ਤੇ ਆਪਣੇ ਕੰਟਰੋਲ ਨਾ ਕਰ ਸਕੇ|