January 22, 2025
#ਦੇਸ਼ ਦੁਨੀਆਂ

ਕਸ਼ਮੀਰ ਮੁੱਦੇ ’ਤੇ ਟਰੰਪ ‘ਬੇਹੱਦ ਗੰਭੀਰ’: ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕਸ਼ਮੀਰ ਦੇ ਹਾਲਾਤ ਅਤੇ ਉਸ ਦੇ ਵਿਆਪਕ ਅਸਰ ਬਾਰੇ ‘ਬੇਹੱਦ ਗੰਭੀਰ’ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਮੁਲਕ ਆਖਣਗੇ ਤਾਂ ਟਰੰਪ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਤਿਆਰ ਹਨ। ਫਰਾਂਸ ’ਚ ਇਸ ਹਫ਼ਤੇ ਜੀ-7 ਮੁਲਕਾਂ ਦੀ ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਹੋਣ ਵਾਲੀ ਬੈਠਕ ਤੋਂ ਪਹਿਲਾਂ ਅਧਿਕਾਰੀ ਨੇ ਕਿਹਾ,‘‘ਅਮਰੀਕਾ ਕਸ਼ਮੀਰ ਵਾਦੀ ਦੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਅਸੀਂ ਲਗਾਤਾਰ ਸ਼ਾਂਤੀ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਘਟਨਾਕ੍ਰਮ ਕਾਰਨ ਪੈਣ ਵਾਲੇ ਵਿਆਪਕ ਅਸਰ ਅਤੇ ਖ਼ਿੱਤੇ ’ਚ ਸੰਭਾਵਿਤ ਅਸਥਿਰਤਾ ਦੇ ਖ਼ਦਸ਼ੇ ਦਾ ਨੋਟਿਸ ਅਮਰੀਕਾ ਨੇ ਲਿਆ ਹੈ। ਅਧਿਕਾਰੀ ਮੁਤਾਬਕ ਟਰੰਪ ਫਰਾਂਸ ’ਚ ਸ੍ਰੀ ਮੋਦੀ ਨਾਲ ਹੋਣ ਵਾਲੀ ਬੈਠਕ ’ਚ ਇਹ ਜਾਣਨਾ ਚਾਹੁਣਗੇ ਕਿ ਤਣਾਅ ਘਟਾਉਣ ਅਤੇ ਕਸ਼ਮੀਰ ’ਚ ਮਨੁੱਖੀ ਹੱਕਾਂ ਦਾ ਆਦਰ ਕਰਨ ਲਈ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਭਾਰਤ ਦੀ ਕੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਦਾ ਬਿਆਨ ਦਿੱਤਾ ਸੀ ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਦੁਵੱਲਾ ਮੁੱਦਾ ਹੈ ਅਤੇ ਤੀਜੀ ਧਿਰ ਦੀ ਇਸ ’ਚ ਕੋਈ ਭੂਮਿਕਾ ਨਹੀਂ ਹੈ। ਅਧਿਕਾਰੀ ਮੁਤਾਬਕ ਰਾਸ਼ਟਰਪਤੀ ਦੋਵੇਂ ਮੁਲਕਾਂ ਵਿਚਕਾਰ ਵਾਰਤਾ ’ਤੇ ਜ਼ੋਰ ਦੇਣਗੇ ਅਤੇ ਉਮੀਦ ਕਰਦੇ ਹਨ ਕਿ ਭਾਰਤ ਕਸ਼ਮੀਰ ’ਚ ਸੰਚਾਰ ਸਾਧਨਾਂ ’ਤੇ ਲੱਗੀ ਪਾਬੰਦੀ ਨੂੰ ਹਟਾਏਗਾ ਅਤੇ ਪ੍ਰਦਰਸ਼ਨਾਂ ਨਾਲ ਨਜਿੱਠਣ ’ਚ ਸੰਜਮ ਵਰਤੇਗਾ।