ਚੈਂਪੀਅਨ ਬੈਂਗਲੁਰੂ ਨੂੰ ਹਰਾ ਦਿੱਲੀ ਪਹੁੰਚੀ ਦੂਜੇ ਸਥਾਨ ਤੇ
ਦਬੰਗ ਦਿੱਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਘਰੇਲੂ ਪੜਾਅ ‘ਚ ਵੀ ਬਰਕਰਾਰ ਰੱਖਦੇ ਹੋਏ ਪਿਛਲੇ ਚੈਂਪੀਅਨ ਬੈਂਗਲੁਰੂ ਬੁਲਸ ਨੂੰ ਪ੍ਰੋ ਕਬੱਡੀ ਲੀਗ ‘ਚ 7ਵੇਂ ਪੜਾਅ ‘ਚ ਸ਼ਨੀਵਾਰ ਨੂੰ 33-31 ਨਾਲ ਹਰਾ ਦਿੱਤਾ ਤੇ ਦੂਜਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਦੀ 8 ਮੈਚਾਂ ‘ਚ ਇਹ 6ਵੀਂ ਜਿੱਤ ਹੈ ਤੇ ਉਹ 34 ਅੰਕਾਂ ਦੇ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਚੈਂਪੀਅਨ ਬੈਂਗਲੁਰੂ ਦੀ 10 ਮੈਚਾਂ ‘ਚ ਇਹ ਪੰਜਵੀਂ ਹਾਰ ਹੈ ਤੇ ਉਹ 28 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹੈ। ਦਿੱਲੀ ਦੀ ਜਿੱਤ ਦੇ ਹੀਰੋ ਰਹੇ ਰੇਡਰ ਨਵੀਨ ਕੁਮਾਰ ਜਿਸ ਨੇ 24 ਰੇਡ ‘ਚ 13 ਅੰਕ ਹਾਸਲ ਕੀਤੇ ਜਦਕਿ ਡਿਫੈਂਸ ‘ਚ ਰਵਿੰਦਰ ਪਹਿਲ ਨੇ 8 ਟੈਕਲ ‘ਚ 4 ਅੰਕ ਹਾਸਲ ਕੀਤੇ। ਦਿੱਲੀ ਨੇ ਰੇਡ ਨਾਲ 21 ਤੇ ਟੈਕਲ ਨਾਲ 10 ਅੰਕ ਹਾਸਲ ਕੀਤੇ ਜਦਕਿ ਬੈਂਗਲੁਰੂ ਨੇ ਰੇਡ ਨਾਲ 19 ਤੇ ਟੈਕਲ ਨਾਲ 10 ਅੰਕ ਹਾਸਲ ਕੀਤੇ। ਬੈਂਗਲੁਰੂ ਵਲੋਂ ਪਵਨ ਸਹਰਾਵਤ ਨੇ 28 ਰੇਡ ਨਾਲ ਸਭ ਤੋਂ ਜ਼ਿਆਦਾ 17 ਅੰਕ ਹਾਸਲ ਕੀਤੇ ਪਰ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ।