ਜੀ-7 ਸੰਮੇਲਨ ਤੋਂ ਪਹਿਲਾਂ ਹੀ ਵਿਗੜੇ ਡੋਨਲਡ ਟਰੰਪ
ਫਰਾਂਸ ਦੇ ਸ਼ਹਿਰ ਬਿਆਰਿਜ਼ ’ਚ ਜੀ-7 ਸੰਮੇਲਨ ਲਈ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਸੰਮੇਲਨ ਦੇ ਮੇਜ਼ਬਾਨ ਫਰਾਂਸ ਨੂੰ ਟੈਕਸ ਵਧਾਉਣ ਤੇ ਚੀਨ ਨਾਲ ਕਾਰੋਬਾਰੀ ਜੰਗ ਹੋਰ ਵਧਾਉਣ ਦੀਆਂ ਧਮਕੀਆਂ ਦਿੱਤੀਆਂ।ਅਮਰੀਕੀ ਰਾਸ਼ਟਰਪਤੀ ਨੇ ਆਪਣੇ ਤਕਰੀਬਨ ਸਾਰੇ ਭਾਈਵਾਲਾਂ ਦੀ ਆਲੋਚਨਾ ਕੀਤੀ ਤੇ ਉਨ੍ਹਾਂ ’ਤੇ ਇਰਾਨ, ਕਾਰੋਬਾਰ, ਆਲਮੀ ਤਪਸ਼ ਤੇ ਬ੍ਰੈਗਜ਼ਿਟ ਦੇ ਮੁੱਦਿਆਂ ’ਤੇ ਵਰ੍ਹੇ। ਇਸ ਦੌਰਾਨ ਉਨ੍ਹਾਂ ਆਲਮੀ ਵਿੱਤੀ ਸੰਕਟ ਦੇ ਮੁੱਦੇ ਨੂੰ ਬਿਲਕੁਲ ਇੱਕ ਪਾਸੇ ਹੀ ਰੱਖਿਆ। ਇਸ ਤੋਂ ਪਹਿਲਾਂ ਇਸ ਸੰਮੇਲਨ ’ਚ ਆਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਇੱਕ ਵਾਰ ਫਿਰ ਫਰੈਂਚ ਵਾਈਨ ’ਤੇ ਭਾਰੀ ਟੈਕਸ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਅਮਰੀਕੀ ਕੰਪਨੀਆਂ ਤੋਂ ਨਵੇਂ ਟੈਕਸ ਵਸੂਲੇ ਤਾਂ ਫਰੈਂਚ ਵਾਈਨ ’ਤੇ ਟੈਕਸ ਲਗਾ ਦੇਣਗੇ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦੀ ਵਾਈਨ ’ਤੇ ਇੰਨਾ ਟੈਕਸ ਲਗਾਵਾਂਗੇ ਜੋ ਉਨ੍ਹਾਂ ਕਦੀ ਨਹੀਂ ਦੇਖਿਆ ਹੋਵੇਗਾ।’ ਮੈਕਰੌਂ ਨੇ ਵੀ ਫ਼ੈਸਲਾ ਕੀਤਾ ਹੈ ਕਿ ਜੀ7 ਸੰਮੇਲਨ ਦੀ ਸਮਾਪਤੀ ਮੌਕੇ ਪਹਿਲੀ ਵਾਰ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਚੀਨ ਨੇ ਅਮਰੀਕੀ ਉਤਪਾਦਾਂ ’ਤੇ ਨਵੇਂ ਟੈਕਸ ਲਗਾ ਦਿੱਤੇ ਹਨ, ਜਿਸ ਕਾਰਨ ਅਮਰੀਕਾ ਤੇ ਚੀਨ ਵਿਚਾਲੇ ਕਾਰੋਬਾਰੀ ਜੰਗ ਹੋਰ ਭਖ ਗਈ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਖ਼ਿਲਾਫ਼ ਕਾਰੋਬਾਰੀ ਜੰਗ ’ਚ ਉਹ ਇਕੱਲੇ ਹੀ ਕਾਫੀ ਹਨ।