January 15, 2025
#ਖੇਡਾਂ

ਵਿਸ਼ਵ ਚੈਂਪੀਅਨਸ਼ਿਪ ਸਿੰਧੂ ਨੇ ਸਿਰਜਿਆ ਇਤਿਹਾਸ

ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤ ਕੇ ਅੱਜ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ। ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਇਕਪਾਸੜ ਮੁਕਾਬਲੇ ਵਿੱਚ ਹਰਾ ਕੇ ਸਿੰਧੂ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ 38 ਮਿੰਟ ਤੱਕ ਚੱਲੇ ਫਾਈਨਲ ਵਿੱਚ 21-7, 21-7 ਨਾਲ ਜਿੱਤ ਦਰਜ ਕੀਤੀ।ਸਿੰਧੂ ਨੇ ਇਸ ਦੇ ਨਾਲ ਹੀ ਦੋ ਸਾਲ ਪਹਿਲਾਂ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਓਕੂਹਾਰਾ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਓਕੂਹਾਰਾ ਨੇ 2017 ਵਿੱਚ ਉਸ ਨੂੰ 110 ਮਿੰਟ ਤੱਕ ਫਾਈਨਲ ਵੱਚ ਹਰਾਇਆ ਸੀ। ਇਸ ਮੈਚ ਨੂੰ ਬੈਡਮਿੰਟਨ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ ਵਿੱਚ ਮੰਨਿਆ ਜਾਂਦਾ ਹੈ। ਸਿੰਧੂ ਨੇ ਮੈਚ ਮਗਰੋਂ ਕਿਹਾ, ‘‘ਪਿਛਲੀ ਵਾਰ ਮੈਂ ਫਾਈਨਲ ਵਿੱਚ ਹਾਰ ਗਈ ਸੀ, ਉਸ ਤੋਂ ਪਹਿਲਾਂ ਫਾਈਨਲ ਵਿੱਚ ਵੀ ਹਾਰ ਗਈ ਸੀ। ਅਜਿਹੇ ਵਿੱਚ ਇਸ ਵਾਰ ਜਿੱਤ ਦਰਜ ਕਰਨਾ ਮੇਰੇ ਲਈ ਕਾਫ਼ੀ ਜ਼ਰੂਰੀ ਸੀ। ਮੈਂ ਹੌਸਲਾ ਅਫ਼ਜ਼ਾਈ ਲਈ ਇੱਥੋਂ ਦੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੂੰਗੀ। ਮੈਂ ਇਹ ਆਪਣੇ ਦੇਸ਼ ਲਈ ਖ਼ਿਤਾਬ ਜਿੱਤਿਆ ਹੈ ਅਤੇ ਮੈਨੂੰ ਭਾਰਤੀ ਹੋਣ ’ਤੇ ਮਾਣ ਹੈ।’’ ਉਸ ਨੇ ਕਿਹਾ, ‘‘ਮੇਰੇ ਕੋਚ ਗੋਪੀ ਸਰ ਅਤੇ ਕਿਮ ਦੇ ਸਹਿਯੋਗ ਕਾਰਨ ਮੈਂ ਉਨ੍ਹਾਂ ਦੀ ਰਿਣੀ ਹਾਂ। ਮੈਂ ਇਸ ਜਿੱਤ ਨੂੰ ਆਪਣੀ ਮਾਂ ਦੇ ਨਾਮ ਕਰੂੰਗੀ, ਅੱਜ ਉਨ੍ਹਾਂ ਦਾ ਜਨਮ ਦਿਨ ਹੈ।’’ਸਿੰਧੂ ਇਸ ਤੋਂ ਪਹਿਲਾਂ 2017 ਅਤੇ 2018 ਦੇ ਫਾਈਨਲ ਵਿੱਚ ਕ੍ਰਮਵਾਰ ਓਕੂਹਾਰਾ ਅਤੇ ਸਪੇਨ ਦੀ ਕੈਰੋਲੀਨ ਮਾਰੀਨ ਤੋਂ ਹਾਰ ਗਈ ਸੀ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਉਸ ਨੇ ਇਸ ਤੋਂ ਪਹਿਲਾਂ 2013 ਅਤੇ 2014 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।ਪ੍ਰਕਾਸ਼ ਪਾਦੂਕੋਣ 1983 ਵਿੱਚ ਪੁਰਸ਼ ਸਿੰਗਲਜ਼ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ, ਜਦਕਿ ਸਾਇਨਾ ਨੇ 2015 ਅਤੇ 2017 ਵਿੱਚ ਮਹਿਲਾ ਸਿੰਗਲਜ਼ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਨੇ ਵੀ 2011 ਵਿੱਚ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਬੀ ਸਾਈ ਪ੍ਰਣੀਤ ਸ਼ਨਿੱਚਰਵਾਰ ਨੂੰ ਇਸ ਕਲੱਬ ਵਿੱਚ ਸ਼ਾਮਲ ਹੋਣ ਵਾਲਾ ਨਵਾਂ ਖਿਡਾਰੀ ਹੈ, ਜਿਸ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿੰਧੂ ਦਾ ਇਹ ਪੰਜਵਾਂ ਤਗ਼ਮਾ ਹੈ। ਤਗ਼ਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਿੰਧੂ ਨੇ ਚੀਨ ਦੀ ਸਾਬਕਾ ਓਲੰਪਿਕ ਚੈਂਪੀਅਨ ਝਾਂਗ ਨਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੀਤੇ ਸਾਲ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਸਿੰਧੂ ਇਸ ਮੁਕਾਬਲੇ ਵਿੱਚ ਵੱਖਰੇ ਰੰਗ ਵਿੱਚ ਜਾਪੀ। ਖੇਡ ਦੇ ਹਰ ਵਿਭਾਗ ਵਿੱਚ ਜਾਪਾਨੀ ਖਿਡਾਰੀ ਖ਼ਿਲਾਫ਼ ਉਸ ਦਾ ਦਬਦਬਾ ਵੇਖਣ ਵਾਲਾ ਸੀ। ਇਸ ਮੁਕਾਬਲੇ ਤੋਂ ਪਹਿਲਾਂ ਪੰਜਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਦਾ ਤੀਜਾ ਦਰਜਾ ਪ੍ਰਾਪਤ ਖਿਡਾਰਨ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 8-7 ਸੀ। ਉਸ ਨੇ ਪਹਿਲੇ ਹੀ ਗੇਮ ਦੇ ਸ਼ੁਰੂਆਤ ਵਿੱਚ 8-1 ਦੀ ਲੀਡ ਕਾਇਮ ਕਰ ਲਈ। ਸਿੰਧੂ ਦੇ ਵੱਡੇ ਸਮੈਸ਼ ਦਾ ਓਕੂਹਾਰਾ ਕੋਲ ਕੋਈ ਜਵਾਬ ਨਹੀਂ ਸੀ। ਉਸ ਨੇ ਨੈੱਟ ਦੀ ਸ਼ਾਨਦਾਰ ਵਰਤੋਂ ਕਰ ਕੇ ਆਪਣੀ ਲੀਡ ਨੂੰ 11-2 ਕਰ ਲਿਆ। ਓਕੂਹਾਰਾ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਅਤੇ ਸਿੰਧੂ ਨੇ ਆਸਾਨੀ ਨਾਲ ਗੇਮ ਆਪਣੇ ਨਾਮ ਕਰ ਲਈ।