ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਜੌਹਨਸਨ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇੱਥੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬ੍ਰੈਗਜ਼ਿਟ ਮਾਮਲੇ ’ਚ ਸਹੀ ਠਹਿਰਾਇਆ ਅਤੇ ਚੀਨ ਨਾਲ ਕਾਰੋਬਾਰੀ ਜੰਗ ਦੇ ਮਾਮਲੇ ’ਚ ਉਨ੍ਹਾਂ ਰਲਿਆ-ਮਿਲਿਆ ਸੁਨੇਹਾ ਦਿੱਤਾ। ਇਨ੍ਹਾਂ ਦੋਵਾਂ ਆਗੂਆਂ ਨੇ ਅੱਜ ਜੀ-7 ਸੰਮੇਲਨ ਦੌਰਾਨ ਨਾਸ਼ਤਾ ਵੀ ਇਕੱਠਿਆਂ ਹੀ ਕੀਤਾ।ਟਰੰਪ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਕਿਹਾ, ‘ਉਹ ਬਹੁਤ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ।’ ਬ੍ਰੈਗਜ਼ਿਟ ਮਾਮਲੇ ’ਚ ਉਨ੍ਹਾਂ ਕਿਹਾ, ‘ਬੋਰਿਸ ਜੌਹਨਸਨ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਇਸ ਮਾਮਲੇ ’ਚ ਸਹੀ ਕੰਮ ਕਰਨਗੇ। ਮੈਂ ਲੰਮੇ ਸਮੇਂ ਤੋਂ ਇਹੀ ਕਹਿ ਰਿਹਾ ਹਾਂ।’ ਇਸੇ ਦੌਰਾਨ ਜੌਹਨਸਨ ਨੇ ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੀ ਕਾਰੋਬਾਰੀ ਜੰਗ ਬਾਰੇ ਕਿਹਾ ਕਿ ਉਹ ਅਮਨ ਅਮਾਨ ਨਾਲ ਕਾਰੋਬਾਰ ਦੇ ਹੱਕ ਵਿੱਚ ਹਨ। ਇਸ ਮੌਕੇ ਟਰੰਪ ਨੇ ਚੀਨ ਨਾਲ ਕਾਰੋਬਾਰੀ ਜੰਗ ਮਾਮਲੇ ’ਚ ਥੋੜ੍ਹੀ ਨਰਮੀ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਕਾਰੋਬਾਰੀ ਜੰਗ ਦੀ ਇੱਜ਼ਤ ਕਰਦੇ ਹਨ ਤੇ ਇਹ ਹੋਣਾ ਵੀ ਚਾਹੀਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਚੀਨ ਨਾਲ ਚੱਲ ਰਹੀ ਕਾਰੋਬਾਰੀ ਜੰਗ ਨਾਲ ਜੀ-7 ਸੰਮੇਲਨ ’ਚ ਗੜਬੜੀ ਹੋਵੇਗੀ। ਇਸੇ ਦੌਰਾਨ ਟਰੰਪ ਨੇ ਪਰਮਾਣੂ ਪ੍ਰੋਗਰਾਮ ’ਤੇ ਇਰਾਨ ਲਈ ਜੀ-7 ਦੇ ਸਾਂਝੇ ਸੰਦੇਸ਼ ’ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ।