ਪ੍ਰਧਾਨ ਮੰਤਰੀ ਨੇ ‘ਫਿੱਟ ਇੰਡੀਆ ਮੁਹਿੰਮ’ ਦੀ ਕੀਤੀ ਸ਼ੁਰੂਆਤ
ਖੇਡ ਦਾ ਫਿੱਟਨੈਸ ਨਾਲ ਹੈ ਡੂੰਘਾ ਰਿਸ਼ਤਾ : ਮੋਦੀ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਦਿੱਲੀ ਵਿਖੇ ਇੰਦਰਾ ਗਾਂਧੀ ਸਟੇਡੀਅਮ ’ਚ ‘ਫਿੱਟ ਇੰਡੀਆ ਮੁਹਿੰਮ’ ਦੀ ਸ਼ੁਰੂਆਤ ਕੀਤੀ। ਖੇਡ ਦਿਵਸ ਦੇ ਮੌਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਖੇਡ ਮੰਤਰੀ ਕਿਰੇਨ ਰਿਜਿਜੂ ਵੀ ਮੌਜੂਦ ਰਹੇ। ਦੇਸ਼ ਭਰ ਤੋਂ ਕਈ ਨਾਮਵਰ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ। ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਹੋ ਰਹੇ ਪ੍ਰੋਗਰਾਮ ’ਚ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ, ਮਨੋਜ ਤਿਵਾੜੀ ਅਤੇ ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਸਮੇਤ ਕਈ ਵੱਡੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਅੱਜ ਖੇਡ ਦਿਵਸ ਹੈ ਅਤੇ ਇਸ ਮੌਕੇ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਰਹਿਣ ਪ੍ਰਤੀ ਜਾਗਰੂਕ ਕਰਨਾ ਹੈ। ਇਸ ਪ੍ਰੋਗਰਾਮ ਵਿਚ ਕਈ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਕੱਬਡੀ, ਖੋ-ਖੋ ਸਮੇਤ ਕਈ ਖੇਡਾਂ ਸ਼ਾਮਲ ਰਹੀਆਂ। ਇੱਥੇ ਦੱਸ ਦੇਈਏ ਕਿ ਇਸ ਮੁਹਿੰਮ ਤਹਿਤ ਹਰ ਕਾਲਜ ਅਤੇ ਯੂਨੀਵਰਸਿਟੀ ਨੂੰ 15 ਦਿਨਾਂ ਫਿੱਟਨੈਸ ਪਲਾਨ ਵੀ ਤਿਆਰ ਕਰਨਾ ਹੋਵੇਗਾ। ਬਸ ਇੰਨਾ ਹੀ ਬਕਾਇਦਾ ਉਸ ਨੂੰ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੇ ਪੋਰਟਲ, ਵੈੱਬਸਾਈਟ ’ਤੇ ਅਪਲੋਡ ਕਰਨਾ ਹੋਵੇਗਾ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਫਿੱਟ ਇੰਡੀਆ ਮੁਹਿੰਮ ਲਈ ਖੇਡ ਮੰਤਰਾਲੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਮੇਜਰ ਧਿਆਨਚੰਦ ਦੇ ਰੂਪ ਵਿਚ ਮਹਾਨ ਖਿਡਾਰੀ ਮਿਲੇ ਸਨ, ਅੱਜ ਦੇਸ਼ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ।