January 22, 2025

ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸਕੱਤਰਾਂ ਨੂੰ ‘ਤੰਦਰੁਸਤ ਪੰਜਾਬ ਸਮੇਤ ਪੋਸ਼ਣ ਅਭਿਆਨ’ ਨੂੰ ਜਨ ਲਹਿਰ ਬਣਾਉਣ ਲਈ ਕਿਹਾ

‘ਪੋਸ਼ਣ ਗਤੀਵਿਧੀਆਂ’ ਨੂੰ ਵੱਖ ਵੱਖ ਮੰਚਾਂ ’ਤੇ ਉਭਾਰਣ ਦੀ ਲੋੜ ’ਤੇ ਦਿੱਤਾ ਜ਼ੋਰ

ਚੰਡੀਗੜ੍ਹ – ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ‘ਤੰਦਰੁਸਤ ਪੰਜਾਬ ਸਮੇਤ ਪੋਸ਼ਣ ਅਭਿਆਨ’ ਵਿੱਚ ਸ਼ਾਮਲ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਇਸ ਪ੍ਰੋਗਰਾਮ ਨੂੰ ਜਨ ਲਹਿਰ ਬਣਾਉਣ ਦਾ ਨਿਰਦੇਸ਼ ਦਿੱਤਾ।‘ਪੋਸ਼ਣ ਅਭਿਆਨ ਪੰਜਾਬ’ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ 1 ਤੋਂ 31 ਸਤੰਬਰ ਤੱਕ ਤੰਦਰੁਸਤ ਪੰਜਾਬ ਦੀ ਤਰਜ਼ ਉਤੇ ‘ਪੋਸ਼ਣ ਮਾਹ’ ਕਰਵਾਉਣ ਅਤੇ ਇਸ ਤਹਿਤ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨਾਲ ਮਿਲ ਕੇ ਗਤੀਵਿਧੀਆਂ ਕਰਾਉਣ ਲਈ ਕਿਹਾ।ਸ੍ਰੀ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਬੱਚੇ ਦੇ ਜਨਮ ਤੋਂ ਪਹਿਲੇ 1000 ਦਿਨਾਂ ਦੌਰਾਨ ਸਾਫ-ਸਫਾਈ ਤੇ ਸਿਹਤ ਦਾ ਖਿਆਲ ਰੱਖਣ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਖੂਨ ਦੀ ਕਮੀ, ਪੌਸ਼ਟਿਕ ਖੁਰਾਕ, ਡਾਇਰੀਆ ਤੋਂ ਬਚਾਅ, ਹੱਥਾਂ ਦੀ ਸਾਫ-ਸਫਾਈ ਬਾਰੇ ਵੀ ਜਾਗਰੂਕਤਾ ਫੈਲਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ‘ਤੰਦਰੁਸਤ ਪੰਜਾਬ ਤੇ ਪੋਸ਼ਣ ਅਭਿਆਨ’ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪ੍ਰਭਾਤ ਫੇਰੀਆਂ ਕੱਢਣ, ਪੋਸ਼ਣ ਮੇਲੇ ਲਗਾਉਣ, ਨੁੱਕੜ ਨਾਟਕ ਕਰਾਉਣ, ਯੂਥ ਕਲੱਬਾਂ ਦੀਆਂ ਮੀਟਿੰਗਾਂ ਕਰਾਉਣ ਤੋਂ ਇਲਾਵਾ ਸਕੂਲਾਂ ਤੇ ਜਨਤਕ ਸਮਾਗਮਾਂ ਵਿੱਚ ਇਸ ਦਾ ਪ੍ਰਚਾਰ ਕਰਨ ਦਾ ਵੀ ਨਿਰਦੇਸ਼ ਦਿੱਤਾ।ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ 10 ਵਿਭਾਗਾਂ ਵਿੱਚ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹੁਨਰ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੁਵਕ ਸੇਵਾਵਾਂ ਤੇ ਖੇਡਾਂ, ਸਕੂਲ ਸਿੱਖਿਆ, ਖੇਤੀਬਾੜੀ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ।‘ਪੋਸ਼ਣ ਮਾਹ’ ਸਬੰਧੀ ਗਤੀਵਿਧੀਆਂ ਦੇ ਪ੍ਰਚਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਸਕੱਤਰ ਨੇ ਇਸ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਮਹੱਤਤਾ ਬਾਰੇ ਲੋਕਾਂ ਨੂੰ ਵੱਖ ਵੱਖ ਮਾਧਿਅਮਾਂ ਰਾਹੀਂ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਵਿਭਾਗਾਂ ਨਾਲ ਮਿਲ ਕੇ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਵੱਖ ਵੱਖ ਗਤੀਵਿਧੀਆਂ ਕਰਾਈਆਂ ਜਾਣ ਤਾਂ ਜੋ ਲੋਕਾਂ ਖਾਸ ਤੌਰ ’ਤੇ ਔਰਤਾਂ ਤੇ ਬੱਚਿਆਂ ਦੀ ਇਸ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।ਮੁੱਖ ਸਕੱਤਰ ਨੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਬੱਚਿਆਂ ਵਿੱਚੋਂ ਕੁਪੋਸ਼ਣ ਅਤੇ ਖੂਨ ਦੀ ਕਮੀ ਦੂਰ ਕਰਨ ਅਤੇ ਔਰਤਾਂ ਤੇ ਕੁੜੀਆਂ (15 ਤੋਂ 49 ਸਾਲ) ਵਿੱਚੋਂ ਖੂਨ ਦੀ ਕਮੀ ਦੂਰ ਕਰਨ ਅਤੇ ਘੱਟ ਰਹੀ ਜਨਮ ਦਰ ਨੂੰ ਦੂਰ ਕਰਨ ਦੇ ਮਿਥੇ ਟੀਚਿਆਂ ਨੂੰ ਹਾਸਲ ਕਰਨ ਲਈ ਇਹ ਗਤੀਵਿਧੀਆਂ ਕਰਾਈਆਂ ਜਾਣ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਸੰਜੇ ਕੁਮਾਰ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਡੀ.ਕੇ. ਤਿਵਾੜੀ, ਸਕੱਤਰ ਸੂਚਨਾ ਅਤੇ ਲੋਕ ਸੰਪਰਕ ਗੁਰਕਿਰਤ ਕਿ੍ਰਪਾਲ ਸਿੰਘ, ਵਿਸ਼ੇਸ਼ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਮਨਵੇਸ਼ ਸਿੰਘ ਸਿੱਧੂ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਐਮ.ਪੀ.ਅਰੋੜਾ, ਡਾਇਰੈਕਟਰ ਤਕਨੀਕੀ ਸਿੱਖਿਆ ਪਰਵੀਨ ਥਿੰਦ, ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਗੁਰਪ੍ਰੀਤ ਕੌਰ ਸਪਰਾ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਬ ਸ਼ਾਮਲ ਸਨ।