ਪੰਜਾਬ ਸਰਕਾਰ ਵੱਲੋਂ ਉਦਯੋਗ ਵਿਭਾਗ ਨੂੰ ਜੀ.ਐਸ.ਟੀ. ਅਤੇ ਵੈਟ ਰਿਫੰਡ ਲਈ 97 ਕਰੋੜ ਰੁਪਏ ਦੀ ਮਨਜ਼ੂਰੀ
ਸੁੰਦਰ ਸ਼ਾਮ ਅਰੋੜਾ ਨੇ ਆਪਣੀ ਬੇਨਤੀ ’ਤੇ ਪਹਿਲਕਦਮੀ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਦਾ ਕੀਤਾ ਧੰਨਵਾਦ
ਚੰਡੀਗੜ – ਪੰਜਾਬ ਦੇ ਵਿੱਤ ਵਿਭਾਗ ਵੱਲੋਂ ਉਦਯੋਗ ਵਿਭਾਗ ਨੂੰ ਜੀ.ਐਸ.ਟੀ. ਅਤੇ ਵੈਟ ਰਿਫੰਡ ਲਈ 97 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਹਾਲ ਹੀ ’ਚ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਖ਼ਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੂੰ ਇਸ ਸਬੰਧੀ ਬੇਨਤੀ ਕੀਤੀ ਸੀ।ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਦਯੋਗ ਵਿਭਾਗ ਇੱਕ ਇੰਜਨ ਦੀ ਤਰਾਂ ਕਾਰਜ ਕਰਦਾ ਹੈ ਤਾਂ ਜੋ ਸੂਬੇ ਵਿੱਚ ਨਿਵੇਸ਼, ਰੁਜ਼ਗਾਰ ਉੱਤਪਤੀ ਅਤੇ ਵਸਤਾਂ ਤੇ ਸੇਵਾਵਾਂ ਨੂੰ ਪ੍ਰਫੁੱਲਿਤ ਕਰਕੇ ਅਰਥਚਾਰੇ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮਿਆਂ ’ਚ ਅਰਥਚਾਰੇ ਨੂੰ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿੱਤੀ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ 97 ਕਰੋੜ ਰੁਪਏ ਦੇ ਜੀ.ਐਸ.ਟੀ. ਅਤੇ ਵੈਟ ਰਿਫੰਡ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿੱਚ ਜੀ.ਐਸ.ਟੀ. ਲਈ 70 ਕਰੋੜ ਰੁਪਏ ਅਤੇ ਵੈਟ ਲਈ 27 ਕਰੋੜ ਰੁਪਏ ਦੇ ਰਿਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ 31 ਅਗਸਤ, 2019 ਤੱਕ ਦੇ ਰਿਫੰਡ ਰਿਲੀਜ਼ ਕਰ ਦਿੱਤੇ ਗਏ ਹਨ।ਸ੍ਰੀ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਪੰਜਾਬ, ਉਦਯੋਗ ਸਥਾਪਿਤ ਕਰਨ ਲਈ ਪਸੰਦੀਦਾ ਸੂਬਾ ਬਣ ਗਿਆ ਹੈ। ਇਸ ਮਕਸਦ ਲਈ ਸੂਬਾ ਸਰਕਾਰ ਵੱਲੋਂ ਢੁਕਵੀਆਂ ਰਿਆਇਤਾਂ, ਬਿਜਨਸ ਫਸਟ ਪੋਰਟਲ ਦੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਅਤੇ ਡਿਸਟਿ੍ਰਕਟ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਰਾਹੀਂ ਉਦਯੋਗਿਕ ਖੇਤਰ ਦੀ ਸਹਾਇਤਾ ਕੀਤੀ ਜਾ ਰਹੀ ਹੈ।