ਸਰਕਾਰ ਨੇ ਲੋਕ ਹਿੱਤ ’ਚ ਇਤਿਹਾਸਕ ਕੰਮ ਕੀਤੇ: ਪ੍ਰਕਾਸ਼ ਜਾਵੜੇਕਰ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਤਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੌਰਾਨ ਕੀਤੇ ਗਏ ਅਹਿਮ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਜਨਹਿੱਤ ਦੇ ਜਿਹੜੇ ਕੰਮ ਇਸ ਸਰਕਾਰ ਨੇ ਕੀਤੇ ਹਨ, ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸਰਕਾਰ ਨੇ ਅਜਿਹੇ ਕੰਮ ਕੀਤੇ ਹੋਣ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਹਿਲੇ 100 ਦਿਨਾਂ ਦੌਰਾਨ ਲਏ ਗਏ ਫ਼ੈਸਲਿਆਂ ਨੇ ਲੋਕਾਂ ਨੂੰ ਸਸ਼ਕਤ ਬਣਾਇਆ ਅਤੇ ਦੇਸ਼ ਦੇ ਵਿਕਾਸ ’ਚ ਲੋਕਾਂ ਦੀ ਭਾਈਵਾਲੀ ਵਧੀ ਹੈ। ਇਸ ਦੇ ਨਾਲ ਪ੍ਰਬੰਧ ’ਚ ਪਾਰਦਰਸ਼ਤਾ ਵੀ ਆਈ ਹੈ।ਉਨ੍ਹਾਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਤੀਹਰੇ ਤਲਾਕ ਦੀ ਪ੍ਰਥਾ ਨੂੰ ਖ਼ਤਮ ਕਰਕੇ ਇਸ ਨੂੰ ਅਪਰਾਧਿਕ ਕਾਰਵਾਈ ਕਰਾਰ ਦਿੱਤੇ ਜਾਣ ਜਿਹੇ ਕੁਝ ਅਹਿਮ ਫ਼ੈਸਲੇ ਗਿਣਾਏ। ਉਨ੍ਹਾਂ ਕਿਹਾ ਕਿ ਪਹਿਲੇ 100 ਦਿਨਾਂ ਦੌਰਾਨ ਲਏ ਗਏ ਸਾਰੇ ਫ਼ੈਸਲਿਆਂ ਦੀ ਤਿਆਰੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਰ ਲਈ ਗਈ ਸੀ।