ਸੋਨੀਆ ਤੇ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਦੀ ਮੁਲਾਕਾਤ
ਫਿਲਮ ਜਗਤ ਤੋਂ ਸਿਆਸਤ ਵਿੱਚ ਆਈ ਉਰਮਿਲਾ ਮਾਤੋਂਡਕਰ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਕ੍ਰਿਪਾਸ਼ੰਕਰ ਸਿੰਘ ਵਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਿੱਤੇ ਜਾਣ ਦੇ ਅਗਲੇ ਹੀ ਦਿਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਏਕਨਾਥ ਗਾਇਕਵਾੜ ਨਾਲ ਮੁਲਾਕਾਤ ਕੀਤੀ। ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਅੱਜ ਗਾਇਕਵਾੜ ਨੇ ਕਰੀਬ ਅੱਧਾ ਘੰਟਾ ਸੋਨੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਯੂਪੀਏ ਚੇਅਰਪਰਸਨ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ, ਜਿਨ੍ਹਾਂ ਵਿੱਚ ਕੇਵਲ ਦੋ ਮਹੀਨੇ ਬਾਕੀ ਹਨ, ਤੋਂ ਪਹਿਲਾਂ ਕਈ ਆਗੂਆਂ ਵਲੋਂ ਪਾਰਟੀ ਛੱਡੇ ਜਾਣ ਦੇ ਮੁੱਦੇ ’ਤੇ ਚਰਚਾ ਕੀਤੀ। ਕਾਂਗਰਸ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਨਾਲ ਗਠਜੋੜ ਕਰਨ ਦਾ ਮੁੱਦਾ ਵੀ ਵਿਚਾਰਿਆ। ਮੰਗਲਵਾਰ ਨੂੰ ਦਿੱਲੀ ਵਿੱਚ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਵੀ ਸੋਨੀਆ ਨਾਲ ਮੁਲਾਕਾਤ ਕੀਤੀ ਸੀ। ਮਹਾਂਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਲਈ ਸਾਲ 2014 ਵਿੱਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਅਤੇ ਐੱਨਸੀਪੀ ਨੇ ਕ੍ਰਮਵਾਰ 42 ਅਤੇ 41 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।