February 12, 2025
#ਭਾਰਤ

ਭੋਪਾਲ ਵਿੱਚ ਗਣਪਤੀ ਵਿਸਰਜਨ ਦੌਰਾਨ ਕਿਸ਼ਤੀ ਪਲਟੀ, 11 ਵਿਅਕਤੀਆਂ ਦੀ ਮੌਤ

ਭੋਪਾਲ – ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਗਣੇਸ਼ ਵਿਸਰਜਨ ਦੌਰਾਨ ਵੱਡਾ ਹਾਦਸਾ ਹੋ ਗਿਆ| ਇੱਥੇ ਖਟਲਾਪੁਰਾ ਘਾਟ ਕੋਲ ਕਿਸ਼ਤੀ ਪਲਟਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ| ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ| ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ 18 ਵਿਅਕਤੀ ਸਵਾਰ ਸਨ| ਲਾਪਤਾ ਲੋਕਾਂ ਦੀ ਭਾਲ ਜਾਰੀ ਹੈ| ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ| ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਦੇ ਪਿੱਛੇ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ| ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ| ਮੰਤਰੀ ਪੀ.ਸੀ. ਸ਼ਰਮਾ ਨੇ ਦੱਸਿਆ,”ਇਹ ਘਟਨਾ ਕਾਫ਼ੀ ਨਿੰਦਾਯੋਗ ਹੈ| ਜ਼ਿਲਾ ਕਲੈਕਟਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ| ਉਹਨਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ|”ਜਿਕਰਯੋਗ ਹੈ ਕਿ ਸਾਰੇ ਲੋਕ ਗਣਪਤੀ ਵਿਸਰਜਨ ਲਈ ਇਕ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਜਾ ਰਹੇ ਸਨ| ਕਿਸ਼ਤੀ ਵਿੱਚ ਸਮਰੱਥਾ ਤੋਂ ਵਧ ਲੋਕਾਂ ਦੇ ਸਵਾਰ ਹੋਣ ਕਾਰਨ ਉਹ ਪਲਟ ਗਈ| ਹਾਦਸੇ ਵਾਲੀ ਜਗ੍ਹਾ ਤੇ ਐਸ.ਡੀ.ਆਰ.ਐਫ. ਅਤੇ ਗੋਤਾਖੋਰਾਂ ਦੀ ਟੀਮ ਤਾਇਨਾਤ ਹੈ| ਹੁਣ ਤੱਕ 11 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ| ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ| ਮੀਡੀਆ ਰਿਪੋਰਟਸ ਅਨੁਸਾਰ ਕਿਸ਼ਤੀ ਕਾਫੀ ਛੋਟੀ ਸੀ, ਜਦੋਂ ਕਿ ਭਗਵਾਨ ਗਣੇਸ਼ ਦੀ ਮੂਰਤੀ ਵੱਡੀ ਸੀ| ਵਿਸਰਜਨ ਦੌਰਾਨ ਮੂਰਤੀ ਪਾਣੀ ਵਿੱਚ ਉਤਾਰਦੇ ਸਮੇਂ ਕਿਸ਼ਤੀ ਇਕ ਪਾਸੇ ਝੁੱਕ ਗਈ ਅਤੇ ਪਲਟ ਗਈ|