ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਪੁੱਤਰ, ਡੋਨਾਲਡ ਟਰੰਪ ਨੇ ਦਿੱਤੀ ਜਾਣਕਾਰੀ

ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਡੋਨਾਲਡ ਟਰੰਪ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਅਲ-ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਵਾਰਸ ਹਮਜ਼ਾ ਬਿਨ ਲਾਦੇਨ ਨੂੰ ਅਫਗਾਨਿਸਤਾਨ-ਪਾਕਿਸਤਾਨ ਬਾਰਡਰ ‘ਤੇ ਅੱਤਵਾਦ ਰੋਕੂ ਕਾਰਵਾਈ ਦੇ ਤਹਿਤ ਮਾਰ ਦਿੱਤਾ ਗਿਆ।ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਅਜੇ ਤੱਕ ਉਸ ਸਟੀਕ ਸਥਾਨ ਬਾਰੇ ਨਹੀਂ ਦੱਸਿਆ ਜਿਥੇ ਅਮਰੀਕੀ ਫੌਜ ਨੇ ਹਮਜ਼ਾ ਬਿਨ ਲਾਦੇਨ ਨੂੰ ਕਿਵੇਂ ਮਾਰਿਆ ਕਿਨ੍ਹਾਂ ਹਾਲਾਤਾਂ ਵਿਚ ਮਾਰਿਆ। ਓਸਾਮਾ ਦੇ ਪੁੱਤਰ ਹਮਜ਼ਾ ਦਾ ਆਖਰੀ ਜਨਤਕ ਬਿਆਨ 2018 ਵਿਚ ਅਲ ਕਾਇਦਾ ਦੀ ਮੀਡੀਆ ਬਰਾਂਚ ਵਲੋਂ ਜਾਰੀ ਕੀਤਾ ਗਿਆ ਸੀ। ਉਸ ਸੰਦੇਸ਼ ਵਿਚ ਉਸ ਨੇ ਸਾਊਦੀ ਅਰਬ ਨੂੰ ਧਮਕੀ ਦਿੱਤੀ ਸੀ ਅਤੇ ਅਰਬ ਟਾਪੂ ਦੇ ਲੋਕਾਂ ਨੂੰ ਬਗਾਵਤ ਕਰਨ ਲਈ ਕਿਹਾ ਸੀ।ਇਸ ਸਾਲ ਮਾਰਚ ਮਹੀਨੇ ਅਮਰੀਕਾ ਨੇ ਹਮਜ਼ਾ ਬਿਨ ਲਾਦੇਨ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਕਿਹਾ ਕਿ ਹਮਜ਼ਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਸ ‘ਤੇ ਹਮਲੇ ਦੀ ਸਾਜ਼ਿਸ਼ ਰੱਚ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ।