550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਤੋਂ ਵੱਡੀ ਗਿਣਤੀ ਸੰਗਤਾਂ ਪੁੱਜਣਗੀਆਂ ਸੁਲਤਾਨਪੁਰ ਲੋਧੀ- ਡਾ. ਰੂਪ ਸਿੰਘ
ਸਿੱਖ ਧਰਮਾ ਇੰਟਰਨੈਸ਼ਨਲ ਵੱਲੋਂ ਜਪੁਜੀ ਸਾਹਿਬ ਦਾ 20 ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ ਅਨੁਵਾਦ
ਅੰਮ੍ਰਿਤਸਰ -ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਵਿਚ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਹ ਹਾਲ ਹੀ ਵਿਚ ਅਮਰੀਕਾ ਦਾ ਦੌਰਾ ਕਰਕੇ ਵਾਪਸ ਪਰਤੇ ਹਨ। ਉਨ੍ਹਾਂ ਨੇ ਅਮਰੀਕਾ ਫੇਰੀ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ਼ਿਰਕਤ ਕੀਤੀ ਅਤੇ ਸਿੱਖ ਪ੍ਰਤੀਨਿਧਾਂ ਨਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਚਾਰ-ਵਟਾਂਦਰਾਂ ਵੀ ਕੀਤਾ। ਡਾ. ਰੂਪ ਸਿੰਘ ਨੇ ਦੱਸਿਆ ਕਿ ਸਮੁੱਚੇ ਵਿਸ਼ਵ ਅੰਦਰ ਗੁਰੂ ਸਾਹਿਬ ਜੀ ਦੀ ਇਤਿਹਾਸਕ ਪੁਰਬ ਸਬੰਧੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਅਮਰੀਕਾ ਤੋਂ ਇਕ ਵਿਸ਼ੇਸ਼ ਜਥਾ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਭਾਰਤ ਪੁੱਜੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਅੰਦਰ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵੱਲੋਂ ਨੌਜੁਆਨੀ ਨੂੰ ਸਿੱਖ ਕਦਰਾਂ-ਕੀਮਤਾਂ ਅਤੇ ਇਤਿਹਾਸ ਨਾਲ ਜੋੜਨ ਲਈ ਕਈ ਉਪਰਾਲੇ ਆਰੰਭੇ ਗਏ ਹਨ। ਉਨ੍ਹਾਂ ਦੱਸਿਆ ਕਿ ਵਸ਼ਿੰਗਟਨ ਦੇ ਸ਼ਹਿਰ ਬੈਲੀਗਮ ਵਿਖੇ ਇਕ ਖ਼ਾਲਸਾ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ। ਇਸ ਦੀ ਸਥਾਪਨਾ ਸਬੰਧੀ ਅਰਦਾਸ ਸਮਾਗਮ ਹੋ ਚੁੱਕਾ ਹੈ, ਬਾਕੀ ਕਾਰਜ ਜਲਦ ਆਰੰਭ ਹੋਣਗੇ। ਇਸ ਸਬੰਧੀ ਗੁਰੂ ਘਰ ਦੇ ਸ਼ਰਧਾਲੂ ਸ. ਮਨਜੀਤ ਸਿੰਘ ਵਿਸ਼ੇਸ਼ ਤੌਰ ’ਤੇ ਕਾਰਜਸ਼ੀਲ ਹਨ। ਉਨ੍ਹਾਂ ਨੇ ਯੂਨੀਵਰਸਿਟੀ ਲਈ 130 ਏਕੜ ਦੇ ਕਰੀਬ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲਗਵਾਈ ਹੈ। ਇਸ ਯੂਨੀਵਰਸਿਟੀ ਵਿਚ ਸਿੱਖ ਧਰਮ, ਗੁਰਮਤਿ ਸੰਗੀਤ, ਸਿੱਖ ਫਲਸਫੇ, ਰਹਿਣੀ ਅਤੇ ਕਦਰਾਂ-ਕੀਮਤਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਲਈ ਯਤਨ ਕਰ ਰਹੇ ਸਥਾਨਕ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਰਪ੍ਰਸਤੀ ਅਤੇ ਰਹਿਤ ਮਰਯਾਦਾ ਅਨੁਸਾਰ ਚੱਲਣ ਦਾ ਪ੍ਰਣ ਕੀਤਾ ਹੈ। ਡਾ. ਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਅਮਰੀਕਾ ਅੰਦਰ ਸੰਗਤਾਂ ਵੱਲੋਂ ਵਿਸ਼ਾਲ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਇਸ ਤਹਿਤ ਇਕ ਸਮਾਗਮ ਨਿਊਜਰਸੀ ਵਿਖੇ ਕਰਵਾਇਆ ਗਿਆ ਹੈ, ਜਿਸ ਵਿਚ ਉਹ ਵੀ ਸ਼ਾਮਲ ਸਨ। ਡਾ. ਰੂਪ ਸਿੰਘ ਅਨੁਸਾਰ ਪ੍ਰਸਿੱਧ ਰਾਗੀ ਭਾਈ ਕੰਵਰਜੀਤ ਸਿੰਘ ਸ਼ਾਂਤ ਦੇ ਉੱਦਮ ਨਾਲ ਹੋਏ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨੂੰ ਉਨ੍ਹਾਂ ਵੱਲੋਂ ਉਚਾਰੇ 19 ਰਾਗਾਂ ਵਿਚ ਗਾਇਨ ਕੀਤਾ ਗਿਆ। ਇਹ ਕਿਸੇ ਬਾਹਰੀ ਦੇਸ਼ ਅੰਦਰ ਸਿੱਖੀ ਦੀ ਚੜ੍ਹਦੀ ਕਲਾ ਦੇ ਪ੍ਰਗਟਾਵੇ ਤੋਂ ਘੱਟ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਨੂੰ ਵੱਖ-ਵੱਖ ਭਸ਼ਾਵਾਂ ਵਿਚ ਅਨੁਵਾਦ ਕਰਨ ਦਾ ਇਕ ਵਿਸ਼ੇਸ਼ ਕਾਰਜ ਕੀਤਾ ਜਾ ਰਿਹਾ ਹੈ। ਇਹ ਸੰਸਥਾ ਸਿੰਘ ਸਾਹਿਬ ਭਾਈ ਹਰਭਜਨ ਸਿੰਘ ਜੋਗੀ ਵੱਲੋਂ ਚਲਾਈ ਗਈ ਸੀ, ਜਿਸ ਦੀ ਅਗਵਾਈ ਉਨ੍ਹਾਂ ਦੀ ਧਰਮ ਪਤਨੀ ਡਾ. ਬੀਬੀ ਇੰਦਰਜੀਤ ਕੌਰ (ਭਾਈ ਸਾਹਿਬਾ) ਕਰ ਰਹੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਡਾ. ਬੀਬੀ ਇੰਦਰਜੀਤ ਕੌਰ ਅਤੇ ਬੀਬੀ ਗੁਰਅੰਮ੍ਰਿਤ ਕੌਰ (ਸਿਕਦਾਰ ਸਾਹਿਬਾ) ਦੀ ਦੇਖ-ਰੇਖ ਹੇਠ ਜਪੁਜੀ ਸਾਹਿਬ ਦੇ ਅਨੁਵਾਦ ਦਾ ਇਹ ਕਾਰਜ ਕੀਤਾ ਜਾ ਰਿਹਾ ਹੈ। ਇਹ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ 20 ਪ੍ਰਮੁੱਖ ਭਾਸ਼ਾਵਾਂ ਵਿਚ ਹੋਵੇਗਾ। ਡਾ. ਰੂਪ ਸਿੰਘ ਅਨੁਸਾਰ ਸਿੱਖ ਧਰਮਾ ਇੰਟਰਨੈਸ਼ਨਲ ਦਾ ਯਤਨ ਹੈ ਕਿ ਇਸ ਨੂੰ ਨਵੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਕੇ 8 ਨਵੰਬਰ 2019 ਨੂੰ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਅੰਤਰ ਧਰਮ ਸੰਮੇਲਨ ਦੌਰਾਨ ਸੰਗਤ ਅਰਪਣ ਕੀਤਾ ਜਾਵੇ। ਜਾਰੀ ਕੀਤੀ ਜਾਣ ਵਾਲੀ ਕਾਪੀ ਵਿਚ ਸਾਰੀਆਂ ਭਾਸ਼ਾਵਾਂ ਦਾ ਅਨੁਵਾਦ ਇਕ ਸੰਕਲਨ ਵਿਚ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਧਰਮਾ ਇੰਟਰਨੈਸ਼ਨਲ ਵੱਲੋਂ ਇਸ ਨੂੰ ਆਧੁਨਿਕ ਸੰਚਾਰ ਸਾਧਨਾ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ।