February 4, 2025
#ਭਾਰਤ

ਲੜਾਕੂ ਜਹਾਜ਼ ਤੇਜਸ ਚ ਉਡਾਣ ਭਰਨਗੇ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਤੇਜਸ ਲੜਾਕੂ ਜਹਾਜ਼ ‘ਚ ਉਡਾਣ ਭਰਨਗੇ। 19 ਸਤੰਬਰ ਨੂੰ ਰਾਜਨਾਥ ਸਿੰਘ ਦੀ ਇਹ ਉਡਾਣ ਬੈਂਗਲੁਰੂ ਤੋਂ ਹੋਵੇਗੀ। ਤੇਜਸ ਹਲਕਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਿੰਦੁਸਤਾਨ ਏਰੋਨੋਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐੱਚ.ਏ.ਐੱਲ. ਨੂੰ ਕਰੀਬ 45 ਹਜ਼ਾਰ ਕਰੋੜ ਰੁਪਏ ਮਿਲਣਗੇ। ਇਸ ਬਾਰੇ ਜਲ ਸੈਨਾ ਸਟਾਫ਼ ਦੇ ਉੱਪ ਪ੍ਰਧਾਨ ਵਾਈਸ ਐਡਮਿਰਲ ਜੀ. ਅਸ਼ੋਕ ਕੁਮਾਰ ਨੇ ਕਿਹਾ,”ਰੱਖਿਆ ਮੰਤਰੀ ਭਾਰਤੀ ਜਲ ਸੈਨਾ ਨਾਲ ਇਕੱਠੇ ਇਕ ਦਿਨ ਲਈ 20 ਸਤੰਬਰ ਨੂੰ ਮੁੰਬਈ ‘ਚ ਹੋਣਗੇ। ਉਸ ਦਿਨ ਪੀ-75 ਪਣਡੁੱਬੀ ਆਈ.ਐੱਨ.ਐੱਸ. ਖਾਂਦੇਰੀ, ਪੀ-17 ਅਲਫ਼ਾ ਜਹਾਜ਼ ਨੀਲਗਿਰੀ ਅਤੇ ਭਾਰਤੀ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ ਵਾਹਕ ਡਰਾਈਡਕ ਨੂੰ ਜਲ ਸੈਨਾ ‘ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ।ਤੇਜਸ ‘ਚ ਰੱਖਿਆ ਮੰਤਰੀ ਦੀ ਇਹ ਉਡਾਣ ਉਸ ਸਮੇਂ ਹੋਣ ਜਾ ਰਹੀ ਹੈ, ਜਦੋਂ ਐੱਚ.ਏ.ਐੱਲ. ਨੂੰ ਦੇਸ਼ ‘ਚ ਬਣਾਏ ਜਾਣ ਵਾਲੇ 83 ਐੱਲ.ਸੀ.ਏ. ਮਾਰਕ 1ਏ ਜਹਾਜ਼ ਦੇ ਨਿਰਮਾਣ ਲਈ 45 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਮਿਲਣ ਵਾਲਾ ਹੈ। ਫੌਜ ਹਵਾਬਾਜ਼ੀ ਰੈਗੂਲੇਟਰ ਸੇਮਿਲੈਕ ਤੋਂ ਹਲਕੇ ਲੜਾਕੂ ਜਹਾਜ਼ ਤੇਜਸ ਨੂੰ ਫਾਈਨਲ ਆਪਰੇਸ਼ਨਲ ਕਲੀਅਰੈਂਸ ਮਿਲਣ ਤੋਂ ਬਾਅਦ ਸਰਕਾਰ ਦੀ ਮਲਕੀਅਤ ਵਾਲੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਭਾਰਤੀ ਹਵਾਈ ਫੌਜ ਨੂੰ ਇਸ ਸਾਲ ਦੇ ਅੰਤ ਤੱਕ 16 ਤੇਜਸ ਜਹਾਜ਼ਾਂ ਦੀ ਸਪਲਾਈ ਲਈ ਤਿਆਰੀ ਵਧਾ ਦਿੱਤੀ ਹੈ।