ਭਾਰਤ ‘ਏ’ ਕ੍ਰਿਕਟ ਟੀਮ ਦੀ ਸਥਿਤੀ ਮਜ਼ਬੂਤ
ਸਪਿੰਨਰਾਂ ਦੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ‘ਏ’ ਨੇ ਦੂਜੇ ਅਣਅਧਿਕਾਰਤ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 159 ਦੌੜਾਂ ਦੇ ਸਕੋਰ ਤੱਕ ਦੱਖਣੀ ਅਫਰੀਕਾ ਦੀਆਂ ਪੰਜ ਵਿਕਟਾਂ ਝਟਕਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 233 ਦੌੜਾਂ ਤੋਂ ਅੱਗੇ ਖੇਡਦਿਆਂ ਮੇਜ਼ਬਾਨ ਟੀਮ 123 ਓਵਰਾਂ ਵਿੱਚ 417 ਦੌੜਾਂ ’ਤੇ ਢੇਰ ਹੋ ਗਈ ਸੀ।ਕਪਤਾਨ ਰਿਧੀਮਾਨ ਸਾਹਾ ਨੇ 60 ਦੌੜਾਂ ਅਤੇ ਮੁੰਬਈ ਦੇ ਹਰਫਨਮੌਲਾ ਸ਼ਿਵਮ ਦੂਬੇ ਨੇ 84 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ 92 ਦੌੜਾਂ ਅਤੇ ਕਰੁਣ ਨਾਇਰ ਨੇ 78 ਦੌੜਾਂ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਮੱਧਮ ਤੇਜ਼ ਗੇਂਦਬਾਜ਼ ਵਿਆਨ ਮੁਲਡਰ ਨੇ 47 ਦੌੜਾਂ ਦੇ ਕੇ ਅਤੇ ਡੇਨ ਪੀਟ ਨੇ 78 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਝਟਕਾਈਆਂ।ਦੂਜੇ ਦਿਨ ਸਟੰਪ ਤੱਕ ਦੱਖਣੀ ਅਫਰੀਕਾ ਦਾ ਬੱਲੇਬਾਜ਼ ਐਡਨ ਮਾਰਕਰਮ 83 ਦੌੜਾਂ ਬਣਾ ਕੇ ਖੇਡ ਰਿਹਾ ਸੀ। ਭਾਰਤ ‘ਏ’ ਲਈ ਕੁਲਦੀਪ ਯਾਦਵ ਅਤੇ ਸ਼ਾਹਬਾਜ਼ ਨਦੀਮ ਦੀ ਸਪਿੰਨ ਜੋੜੀ ਨੇ ਦੋ-ਦੋ ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ‘ਏ’ ਦਾ ਸਕੋਰ ਇੱਕ ਵਿਕਟ ’ਤੇ 102 ਦੌੜਾਂ ਸੀ, ਜੋ ਪੰਜ ਵਿਕਟਾਂ ’ਤੇ 142 ਦੌੜਾਂ ਹੋ ਗਿਆ। ਮਾਰਕਰਮ ਅਤੇ ਥੋਨਿਸ ਡੇ ਬਰੂਨ ਨੇ ਦੂਜੀ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਕੀਤੀ।