ਟਰੰਪ ਵੱਲੋਂ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ
ਵਾਸ਼ਿੰਗਟਨ – ਅਮਰੀਕੀ ਸਦਰ ਡੋਨਲਡ ਟਰੰਪ ਨੇ ਬੰਧਕਾਂ ਬਾਰੇ ਆਪਣੇ ਮੁੱਖ ਵਾਰਤਾਕਾਰ ਰੌਬਰਟ ਓਬ੍ਰਾਇਨ ਨੂੰ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਥਾਪਿਆ ਹੈ। ਉਹ ਜੌਹਨ ਬੋਲਟਨ ਦੀ ਥਾਂ ਲੈਣਗੇ, ਜਿਸ ਨੂੰ ਵਿਦੇਸ਼ ਨੀਤੀ ’ਚ ਵੱਖਰੇਵਿਆਂ ਕਰਕੇ ਟਰੰਪ ਨੇ ਪਿਛਲੇ ਹਫ਼ਤੇ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਟਰੰਪ ਨੇ ਇਕ ਟਵੀਟ ’ਚ ਕਿਹਾ ਕਿ ਓਬ੍ਰਾਇਨ, ਜੋ ਵਿਦੇਸ਼ ਵਿਭਾਗ ’ਚ ਬੰਧਕ ਮਾਮਲਿਆਂ ਬਾਰੇ ਵਿਸ਼ੇਸ਼ ਏਲਚੀ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਨਵੇਂ ਐੱਨਐੱਸਏ ਦੀ ਭੂਮਿਕਾ ਲਈ ਚੁਣਿਆ ਹੈ। ਓਬ੍ਰਾਇਨ, ਰਾਸ਼ਟਰਪਤੀ ਵਜੋਂ ਟਰੰਪ ਦੇ ਕਾਰਜਕਾਲ ਦੌਰਾਨ ਚੌਥੇ ਕੌਮੀ ਸੁਰੱਖਿਆ ਸਲਾਹਕਾਰ ਹਨ। ਵ੍ਹਾਈਟ ਹਾਊਸ ਮੁਤਾਬਕ ਐੱਨਐੱਸਏ ਦੇ ਅਹੁਦੇ ਲਈ ਰਾਸ਼ਟਰਪਤੀ ਨੇ ਪੰਜ ਨਾਂਅ ਸ਼ਾਰਟ ਲਿਸਟ ਕੀਤੇ ਸਨ। ਬੋਲਟਨ ਤੋਂ ਪਹਿਲਾਂ ਮਾਈਕਲ ਫੈਲਿਨ ਤੇ ਐੱਚ.ਆਰ. ਮੈਕਮਾਸਟਰ ਦੀ ਛੁੱਟੀ ਕੀਤੀ ਜਾ ਚੁੱਕੀ ਹੈ।