ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਮਾਰੋਹਾਂ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਵਿਭਾਗਾਂ ‘ਚ ਤਾਲਮੇਲ ‘ਤੇ ਜ਼ੋਰ
ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜ਼ਾਇਜਾ
ਚੰਡੀਗੜ – ‘ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਧਾਰਮਿਕ ਮਰਿਆਦਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਹਰ ਯਤਨ ਕਰੇਗੀ ਤਾਂ ਜੋ ਇਹਨਾਂ ਸਮਾਰੋਹਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ।‘ ਇਹ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਰੋਹਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜ਼ਾਇਜਾ ਲੈਂਦੇ ਹੋਏ ਕੀਤਾ।ਮੰਤਰੀ ਨੇ ਕਿਹਾ ਕਿ ਸਹਿਕਾਰਤਾ, ਸਥਾਨਕ ਸਰਕਾਰ, ਦਿਹਾਤੀ ਵਿਕਾਸ, ਸਿਹਤ ਤੇ ਪਰਿਵਾਰ ਭਲਾਈ ਤੇ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਵਰਗੇ ਸਾਰੇ ਵਿਭਾਗਾਂ ਵਿਚ ਸਹਿਯੋਗ ਹੋਣਾ ਜ਼ਰੂਰੀ ਹੈ ਤਾਂ ਜੋ ਇਹਨਾਂ ਸਮਾਰੋਹਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਹ ਸਮਾਰੋਹ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਲਈ ਬਹੁਤ ਜ਼ਿਆਦਾ ਧਾਰਮਿਕ ਅਤੇ ਭਾਵਨਾਤਮਕ ਮਹੱਤਤਾ ਰੱਖਦੇ ਹਨ। ਇਸ ਕਰਕੇ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਜਰੂਰੀ ਹੈ ਅਤੇ ਇਸ ਸਬੰਧ ਵਿਚ ਕੋਈ ਵੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਸ੍ਰੀ ਰੰਧਾਵਾ ਨੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਦੇ ਸੁੰਦਰੀਕਰਨ ਨਾਲ ਸਬੰਧਤ ਵੱਖ-ਵੱਖ ਪੱਖਾਂ ਦਾ ਵੀ ਜ਼ਾਇਜਾ ਲਿਆ। ਉਹਨਾਂ ਨੇ ਵੱਡੀ ਪੱਧਰ ਉਤੇ ਸੰਗਤਾਂ ਦੇ ਆਉਣ ਦੇ ਮੱਦੇਨਜ਼ਰ ਪਹੁੰਚ ਸੜਕਾਂ ਨੂੰ ਚੌੜਾ ਕਰਨ, ਮਜ਼ਬੂਤ ਬਣਾਉਣ ਅਤੇ ਮੁਰੰਮਤ ਕਰਨ ਤੋਂ ਇਲਾਵਾ ਟਾਇਮਰ ਦੇ ਨਾਲ ਐਲ.ਈ.ਡੀ. ਲਾਈਟਾਂ ਸਥਾਪਤ ਕਰਨ, ਭੂਮੀਗਤ ਤਾਰਾਂ ਪਾਉਣ, ਓ.ਓ.ਏ.ਟੀ. ਕਲੀਨਕਾਂ ਦੇ ਨਿਰਮਾਣ, ਪਖਾਨਾ ਬਲਾਕਾਂ, ਹਸਪਤਾਲ ਦੀਆਂ ਇਮਾਰਤਾਂ ਨੂੰ ਨਵਿਆਉਣ, ਟੈਂਟ ਨਾਲ ਬਣੇ ਸ਼ਹਿਰ ਦੀ ਸਥਾਪਤੀ ਅਤੇ ਸਟੋਰਮ ਸੀਵਰ ਸਿਮਟਮ ਦਾ ਵੀ ਜ਼ਾਇਜਾ ਲਿਆ। ਇਸੇ ਦੌਰਾਨ ਹੀ ਉਹਨਾਂ ਨੇ ਐਲ.ਈ.ਡੀ. ਸਟਰੀਟ ਲਾਈਟ, ਠੋਸ ਰਹਿੰਦ-ਖੂਹੰਦ ਦੇ ਪ੍ਰਬੰਧਨ, ਬੱਸ ਅੱਡੇ ਦਾ ਪੱਧਰ ਉਚਾ ਚੁੱਕਣ, ਆਲੇ-ਦੁਆਲੇ ਦੇ ਪਿੰਡਾਂ ਦਾ ਵਿਕਾਸ, ਪਾਰਕਾਂ ਵਿਚ ਵਿਰਾਸਤੀ ਐਲ.ਈ.ਡੀ. ਲਾਈਟਾਂ, ਸਵੀਪਿੰਗ ਮਸ਼ੀਨਜ਼, ਫੂਡ ਸਟਰੀਟ ਤੇ ਵਿਰਾਸਤੀ ਸਟਰੀਟ ਦੇ ਨਿਰਮਾਣ ਦਾ ਵੀ ਜ਼ਾਇਜਾ ਲਿਆ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਪ੍ਰੋਜੈਕਟ ਡੇਰਾ ਬਾਬਾ ਨਾਨਕ ਨੂੰ ਬੁਨੀਆਦੀ ਢਾਂਚੇ ਦਾ ਧੁਰਾ ਬਣਾਏਗਾ। ਮੰਤਰੀ ਨੇ ਸ਼ਬਦ ਸੰਗੀਤ ਸੰਵਾਦ, ਕਵੀ ਦਰਬਾਰ, ਸ਼ਾਟ ਫਿਲਮ ਫੈਸਟੀਵਲ, ਥੀਏਟਰ ਫੈਸਟੀਵਲ, ਗੁਰੂ ਨਾਨਕ ਕਲਾ ਫੈਸਟੀਵਲ ਅਤੇ ਗੁਰੂ ਨਾਨਕ ਬਗੀਚੀ (ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਦੇ ਹਿੱਸੇ ਵਜੋਂ) ਵਰਗੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਜੋ ਕਿ ਸਮਾਰੋਹਾਂ ਦੌਰਾਨ ਧਾਰਮਿਕਤਾ ਅਤੇ ਅਧਿਆਤਮਕਤਾ ਦਾ ਪੱਖ ਹੋਣਗੇ।ਇਸ ਮੌਕੇ ਪੰਜਾਬ ਡਿਜ਼ੀਟਲ ਲਾਇਬਰੇਰੀ ਦੇ ਸ੍ਰੀ ਦਵਿੰਦਰ ਸਿੰਘ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਮੇਂ ਸਬੰਧੀ ਇਕ ਹੋਲਡਰ ਨੂੰ ਕੰਪਾਇਲ ਕਰਨ ਲਈ ਵੀ ਕਿਹਾ ਗਿਆ।ਇਸ ਮੌਕੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਸ੍ਰੀ ਏ.ਵੇਨੂੰ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸੇਵਾਵਾਂ ਸ੍ਰੀ ਵਿਕਾਸ ਗਰਗ, ਐਮ.ਡੀ. ਮਾਰਕਫੈਡ ਸ੍ਰੀ ਵਰੁਨ ਰੁਜੰਮ, ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਕਰਨੇਸ਼ ਸ਼ਰਮਾ, ਸੀ.ਈ.ਓ. ਪੇਡਾ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਉੱਘੇ ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਹਾਜ਼ਰ ਸਨ।