Skip to content

ਹਿਮਾ ਦੇ ਵਿਸ਼ਵ ਚੈਂਪੀਅਨਸ਼ਿਪ ’ਚ ਖੇਡਣ ਬਾਰੇ ਬੇਯਕੀਨੀ

Share this story

ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾਸ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਸਬੰਧੀ ਬੇਯਕੀਨੀ ਵਾਲੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ ਵੱਲੋਂ ਕੌਮਾਂਤਰੀ ਸੰਸਥਾ ਆਈਏਏਐੱਫ ਨੂੰ ਭੇਜੀ ਖਿਡਾਰੀਆਂ ਦੀ ਮੁੱਢਲੀ ਸੂਚੀ ਵਿੱਚ ਇਸ ਸਟਾਰ ਅਥਲੀਟ ਦਾ ਨਾਮ ਨਹੀਂ ਹੈ। ਏਐੱਫਆਈ ਕੋਲ ਹਾਲਾਂਕਿ ਇਸ ਸੂਚੀ ਵਿੱਚ ਉਸ ਦਾ ਨਾਮ ਸ਼ਾਮਲ ਕਰਵਾਉਣ ਲਈ 16 ਸਤੰਬਰ ਤੱਕ ਦਾ ਸਮਾਂ ਹੈ।ਏਐੱਫਆਈ ਨੇ ਚਾਰ ਗੁਣਾ 400 ਰਿਲੇਅ ਅਤੇ ਚਾਰ ਗੁਣਾ 400 ਮਿਕਸਡ ਰਿਲੇਅ ਲਈ ਨੌਂ ਸਤੰਬਰ ਨੂੰ ਹਿਮਾ ਸਣੇ ਸੱਤ ਮਹਿਲਾ ਦੌੜਾਕਾਂ ਦੇ ਨਾਮ ਐਲਾਨੇ ਸਨ। ਇਹ ਖੇਡਾਂ ਦੋਹਾ ਵਿੱਚ 27 ਸਤੰਬਰ ਤੋਂ ਛੇ ਅਕਤੂਬਰ ਤੱਕ ਹੋਣੀਆਂ ਹਨ। ਇਸ ਸੂਚੀ ਵਿੱਚ ਚਾਰ ਗੁਣਾ 400 ਮੀਟਰ ਮਹਿਲਾ ਰਿਲੇਅ ਦੌੜ ਲਈ ਵਿਸਮਯਾ ਵੀਕੇ, ਪੂਵੰਮਾ ਐੱਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸ਼ੁਭਾ ਵੈਂਕਟੇਸ਼ਨ, ਵਿਦਿਆ ਆਰ ਦਾ ਨਾਮ ਹੈ, ਜਦਕਿ ਹਿਮਾ ਨੂੰ ਥਾਂ ਨਹੀਂ ਮਿਲੀ। 19 ਸਾਲ ਦੀ ਆਸਾਮ ਦੀ ਅਥਲੀਟ ਦਾ ਨਾਮ ਮਿਕਸਡ ਰਿਲੇਅ ਟੀਮ ਵਿੱਚ ਵੀ ਨਹੀਂ ਹੈ। ਮੁਹੰਮਦ ਅਨਸ, ਨਿਰਮਲ ਨੋਹ ਟੋਮ ਅਤੇ ਅਮੋਜ ਜੈਕਬ ਨਾਲ ਇਸ ਟੀਮ ਵਿੱਚ ਜਿਸਨਾ, ਪੂਵੰਮਾ ਅਤੇ ਵਿਸਮਯਾ ਨੂੰ ਰੱਖਿਆ ਗਿਆ ਹੈ। ਏਐੱਫਆਈ ਕੋਲ ਇਨ੍ਹਾਂ ਦੋਵਾਂ ਰਿਲੇਅ ਟੀਮਾਂ ਵਿੱਚ ਹਿਮਾ ਦਾ ਨਾਮ ਦਰਜ ਕਰਨ ਲਈ 16 ਸਤੰਬਰ ਦੀ ਅੱਧੀ ਰਾਤ ਤੱਕ ਦਾ ਸਮਾਂ ਹੈ, ਪਰ ਇਸ ਦੇ ਲਈ ਸੂਚੀ ਵਿੱਚੋਂ ਕਿਸੇ ਹੋਰ ਅਥਲੀਟ ਦਾ ਨਾਂ ਹਟਾਉਣਾ ਹੋਵੇਗਾ। ਆਈਏਏਐੱਫ ਰਿਲੇਅ ਦੌੜ ਲਈ ਸਿਰਫ਼ ਛੇ ਨਾਮ ਭੇਜਣ ਦੀ ਇਜਾਜ਼ਤ ਦਿੰਦਾ ਹੈ, ਪਰ ਏਐੱਫਆਈ ਨੇ ਸੱਤ ਖਿਡਾਰੀਆਂ ਦੇ ਨਾਮ ਭੇਜੇ ਸਨ।

Share this story
WRITTEN BY

BREAKING