April 24, 2026
#ਖੇਡਾਂ

ਪਹਿਲਾ ਟੈਸਟ: ਰੋਹਿਤ ਦੀ ਸੈਂਕੜੇ ਨਾਲ ਸ਼ੁਰੂਆਤ

ਵਿਸ਼ਾਖਾਪਟਨਮ – ਟੈਸਟ ਕ੍ਰਿਕਟ ਵਿੱਚ ਸਲਾਮੀ ਬੱਲੇਬਾਜ਼ ਵਜੋਂ ਧਮਾਕੇਦਾਰ ਸ਼ੁਰੂਆਤ ਕਰਦਿਆਂ ਰੋਹਿਤ ਸ਼ਰਮਾ ਨੇ ਸੈਂਕੜਾ ਜੜਿਆ, ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਦੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਦਿਨ ਅੱਜ ਬਿਨਾਂ ਕਿਸੇ ਨੁਕਸਾਨ ਦੇ 202 ਦੌੜਾਂ ਬਣਾ ਕੇ ਬਿਹਤਰੀਨ ਸ਼ੁਰੂਆਤ ਕੀਤੀ। ਚਾਹ ਸਮੇਂ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਮਗਰੋਂ ਤੀਜੇ ਸੈਸ਼ਨ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਅੰਪਾਇਰਾਂ ਨੇ ਸਾਢੇ ਤਿੰਨ ਵਜੇ ਦਿਨ ਦਾ ਬਾਕੀ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ।ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਮੀਂਹ ਪੈਣ ਦੀ 80 ਫ਼ੀਸਦੀ ਸੰਭਾਵਨਾ ਪ੍ਰਗਟਾਈ ਗਈ ਸੀ, ਪਰ ਚਾਹ ਦੇ ਆਰਾਮ ਤੋਂ ਪਹਿਲਾਂ ਮੀਂਹ ਨਹੀਂ ਪਿਆ, ਜਿਸ ਕਾਰਨ ਦਿਨ ਸਮੇਂ 59.1 ਓਵਰ ਤੱਕ ਮੈਚ ਖੇਡਿਆ ਗਿਆ। ਪਹਿਲੇ ਸੈਸ਼ਨ ਵਿੱਚ ਕੁੱਝ ਮੌਕਿਆਂ ’ਤੇ ਦੱਖਣੀ ਅਫਰੀਕਾ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਸਫਲ ਰਹੇ, ਪਰ ਇੱਕ ਵਾਰ ਲੈਅ ਵਿੱਚ ਆਉਣ ਮਗਰੋਂ ਰੋਹਿਤ (174 ਗੇਂਦਾਂ ਵਿੱਚ ਨਾਬਾਦ 115 ਦੌੜਾਂ) ਅਤੇ ਮਯੰਕ ਅਗਰਵਾਲ (183 ਗੇਂਦਾਂ ਵਿੱਚ ਨਾਬਾਦ 84 ਦੌੜਾਂ) ਨੇ ਤੇਜ਼ੀ ਨਾਲ ਦੌੜਾਂ ਲਈਆਂ। ਇਹ ਸੈਂਕੜਾ ਸ਼ਾਇਦ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਕਿਉਂਕਿ ਸ਼ੁਰੂ ਤੋਂ ਹੀ ਉਸ ਨੂੰ ਇਸ ਵੰਨਗੀ ਦੀ ਕ੍ਰਿਕਟ ਦੇ ਮੱਧਕ੍ਰਮ ਵਿੱਚ ਥਾਂ ਬਣਾਉਣ ਲਈ ਜੂਝਣਾ ਪਿਆ ਹੈ।ਰੋਹਿਤ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਖ਼ਾਸ ਤੌਰ ’ਤੇ ਸਪਿੰਨਰਾਂ ਨੂੰ ਨਿਸ਼ਾਨਾ ਬਣਾਇਆ। ਉਹ ਆਪਣੀ ਪਾਰੀ ਦੌਰਾਨ ਹੁਣ ਤੱਕ ਪੰਜ ਛੱਕੇ ਅਤੇ 12 ਚੌਕੇ ਮਾਰ ਚੁੱਕਿਆ ਹੈ। ਅਗਰਵਾਲ ਨੇ ਹੁਣ ਤੱਕ ਆਪਣੀ ਪਾਰੀ ਦੌਰਾਨ 11 ਚੌਕੇ ਅਤੇ ਦੋ ਛੱਕੇ ਮਾਰੇ। ਰੋਹਿਤ ਨੇ ਪਹਿਲੀ ਵਾਰ ਟੈਸਟ ਖੇਡ ਰਹੇ ਸਪਿੰਨਰ ਸੇਨੂਰਾਨ ਮੁਥੂਸਾਮੀ ਦੀ ਗੇਂਦ ’ਤੇ ਇੱਕ ਦੌੜ ਨਾਲ 154 ਗੇਂਦਾਂ ਵਿੱਚ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ।ਅਗਰਵਾਲ ਵੀ ਆਪਣੇ ਪਹਿਲੇ ਟੈਸਟ ਸੈਂਕੜੇ ਵੱਲ ਵਧ ਰਿਹਾ ਹੈ। ਉਸ ਨੇ ਦੂਜੇ ਸੈਸ਼ਨ ਵਿੱਚ ਸਪਿੰਨਰ ਕੇਸ਼ਵ ਮਹਾਰਾਜ ਦੀ ਗੇਂਦ ਨੂੰ ਛੱਕੇ ਵਿੱਚ ਬਦਲਦਿਆਂ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਦੂਜੇ ਸੈਸ਼ਨ ਦੇ ਆਖ਼ਰੀ ਪਲਾਂ ਵਿੱਚ ਅਸਮਾਨ ਵਿੱਚ ਬੱਦਲਬਾਈ ਹੋਣ ਕਾਰਨ ਦਿਨ ਦੀ ਰੌਸ਼ਨੀ ਘਟ ਗਈ ਅਤੇ ਚਾਹ ਦਾ ਸੈਸ਼ਨ ਤੈਅ ਸਮੇਂ ਤੋਂ ਅੱਠ ਮਿੰਟ ਪਹਿਲਾਂ ਲੈਣਾ ਪਿਆ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਦਾ ਚੌਕਸੀ ਨਾਲ ਸਾਹਮਣਾ ਕਰਨ ਮਗਰੋਂ ਰੋਹਿਤ ਅਤੇ ਅਗਰਵਾਲ ਸਵੇਰ ਦੇ ਸੈਸ਼ਨ ਵਿੱਚ 30 ਓਵਰਾਂ ਵਿੱਚ ਕ੍ਰੀਜ਼ ’ਤੇ ਸਹਿਜ ਦਿਸੇ। ਦੱਖਣੀ ਅਫਰੀਕਾ ਨੇ ਪਿੱਚ ਤੋਂ ਟਰਨ ਮਿਲਣ ਦੀ ਉਮੀਦ ਨਾਲ ਮਹਾਰਾਜ, ਡੇਨ ਪੀਟ ਅਤੇ ਮੁਥੂਸਾਮੀ ਵਜੋਂ ਟੀਮ ਵਿੱਚ ਤਿੰਨ ਸਪਿੰਨਰਾਂ ਨੂੰ ਥਾਂ ਦਿੱਤੀ। ਮੁਥੂਸਾਮੀ ਬੱਲੇਬਾਜ਼ੀ ਵਿੱਚ ਹਰਫ਼ਨਮੌਲਾ ਹੈ।