ਕੋਹਲੀ ਨੇ ਬਰੈਡਮੈਨ ਤੇ ਤੇਂਦੁਲਕਰ ਦਾ ਰਿਕਾਰਡ ਤੋੜਿਆ
ਪੁਣੇ: ਕੋਹਲੀ ਨੇ ਆਪਣੇ ਕਰੀਅਰ ਦੀ ਸਰਵੋਤਮ ਨਾਬਾਦ 254 ਦੌੜਾਂ ਦੀ ਪਾਰੀ ਖੇਡ ਕੇ ਟੈਸਟ ਕ੍ਰਿਕਟ ਵਿੱਚ ਮਹਾਨ ਬੱਲੇਬਾਜ਼ ਸਰ ਡਾਨ ਬਰੈਡਮੈਨ ਅਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਕੋਹਲੀ ਨੇ ਸੱਤਵਾਂ ਦੂਹਰਾ ਸੈਂਕੜਾ ਮਾਰ ਕੇ ਨਵਾਂ ਭਾਰਤੀ ਰਿਕਾਰਡ ਬਣਾਇਆ। ਉਸ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਨੂੰ ਪਛਾੜ ਦਿੱਤਾ, ਜਿਨ੍ਹਾਂ ਦੇ ਨਾਂਅ ਛੇ-ਛੇ ਦੂਹਰੇ ਸੈਂਕੜੇ ਹਨ।ਇਸ ਸੂਚੀ ਵਿੱਚ ਆਸਟਰੇਲੀਆ ਦਾ ਬਰੈੱਡਮੈਨ ਚੋਟੀ ’ਤੇ ਹੈ, ਜਿਸ ਨੇ 12 ਦੂਹਰੇ ਸੈਂਕੜੇ ਜੜੇ ਹਨ। ਕੋਹਲੀ ਦੇ ਨਾਮ ਹੁਣ ਟੈਸਟ ਕ੍ਰਿਕਟ ਵਿੱਚ 26 ਅਤੇ ਕੁੱਲ 69 ਕੌਮਾਂਤਰੀ ਸੈਂਕੜੇ (ਇੱਕ ਰੋਜ਼ਾ ਵਿੱਚ 43) ਹਨ। ਉਸ ਨੇ ਆਪਣੀ ਪਾਰੀ ਦੌਰਾਨ ਬਰੈਡਮੈਨ ਦੀਆਂ 6,996 ਟੈਸਟ ਦੌੜਾਂ ਨੂੰ ਪਿੱਛੇ ਛੱਡ ਦਿੱਤਾ। ਤੀਹ ਸਾਲ ਦੇ ਕੋਹਲੀ ਦੇ ਨਾਮ ਹੁਣ ਟੈਸਟ ਵਿੱਚ ਸੱਤ ਹਜ਼ਾਰ ਤੋਂ ਵੱਧ ਦੌੜਾਂ ਹੋ ਗਈਆਂ ਹਨ। ਵੈਸਟ ਇੰਡੀਜ਼ ਖ਼ਿਲਾਫ਼ 2011 ਵਿੱਚ ਕਰੀਅਰ ਦਾ ਆਗਾਜ਼ ਕਰਨ ਵਾਲਾ ਇਹ ਬੱਲੇਬਾਜ਼ ਹੁਣ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੋਟੀ ਦੇ 50 ਵਿੱਚ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿੱਚ ਤੇਂਦੁਲਕਰ (15,921 ਦੌੜਾਂ) ਚੋਟੀ ’ਤੇ ਹੈ। ਉਸ ਨੇ ਇਸ ਦੌਰਾਨ ਸ੍ਰੀਲੰਕਾ ਦੇ ਸਨਤ ਜੈਸੂਰਿਆ, ਆਸਟਰੇਲੀਆ ਦੇ ਸਟੀਵ ਸਮਿੱਥ ਅਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਲੇਨ ਹਟਨ (6,971) ਨੂੰ ਟੈਸਟ ਕਰੀਅਰ ਦੇ ਦੌੜਾਂ ਦੇ ਮਾਮਲੇ ਵਿੱਚ ਪਛਾੜ ਦਿੱਤਾ। ਉਸ ਨੇ ਬਰੈਡਮੈਨ ਦਾ ਕੌਮਾਂਤਰੀ ਕ੍ਰਿਕਟ ਵਿੱਚ ਬਤੌਰ ਕਪਤਾਨ ਸਭ ਤੋਂ ਵੱਧ 150 ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਮਗਰੋਂ ਕੋਹਲੀ ਨੇ ਦੂਹਰਾ ਸੈਂਕੜਾ ਜੜਿਆ। ਬਰੈਡਮੈਨ ਨੇ ਆਪਣੇ ਕਰੀਅਰ ਵਿੱਚ ਅੱਠ ਵਾਰ 150 ਤੋਂ ਵੱਧ ਦੌੜਾਂ ਬਣਾਈਆਂ ਸਨ, ਪਰ ਉਸ ਦੇ ਨਾਮ 12 ਦੂਹਰੇ ਸੈਂਕੜੇ ਹਨ। ਕੋਹਲੀ ਨੇ ਟੈਸਟ ਕਪਤਾਨ ਵਜੋਂ ਸਭ ਤੋਂ ਵੱਧ ਜੈਂਕੜੇ ਜੜਨ ਦੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਕੋਹਲੀ ਅਤੇ ਪੋਂਟਿੰਗ ਦੇ ਨਾਮ ਟੈਸਟ ਕਪਤਾਨ ਵਜੋਂ 19 ਸੈਂਕੜੇ ਹਨ।






