February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਪੀ. ਚਿਦਾਂਬਰਮ ਨੂੰ ਆਈ. ਐਨ. ਐਕਸ ਮੀਡੀਆ ਕੇਸ ਵਿੱਚ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਈ. ਐਨ. ਐਕਸ ਮੀਡੀਆ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ ਵਿੱਚ ਬੰਦ ਸਾਬਕਾ ਕੇਂਦਰੀ ਵਿੱਤ ਮੰਤਰੀ ਅਤ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ| ਚਿਦਾਂਬਰਮ ਤੇ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨਾਲ ਜੁੜਿਆ ਹੈ| ਇਸ ਤੋਂ ਪਹਿਲਾਂ ਚਿਦਾਂਬਰਮ ਨੂੰ ਸੀ. ਬੀ. ਆਈ. ਨਾਲ ਜੁੜੇ ਕੇਸ ਵਿੱਚ ਜ਼ਮਾਨਤ ਮਿਲ ਚੁੱਕੀ ਹੈ| ਸੁਪਰੀਮ ਕੋਰਟ ਨੇ 2 ਲੱਖ ਰੁਪਏ ਦੀ ਨਿਜੀ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ| ਕੋਰਟ ਨੇ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ 15 ਨਵੰਬਰ ਦੇ ਹੁਕਮ ਨੂੰ ਰੱਦ ਕੀਤਾ| ਉਨ੍ਹਾਂ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ| ਸੁਪਰੀਮ ਕੋਰਟ ਦੀ ਬੈਂਚ ਨੇ 28 ਨਵੰਬਰ ਨੂੰ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ|ਕੋਰਟ ਨੇ ਕੁਝ ਸ਼ਰਤਾਂ ਵੀ ਲਾਈਆਂ ਹਨ, ਜਿਸ ਮੁਤਾਬਕ ਪੀ. ਚਿਦਾਂਬਰਮ ਬਿਨਾਂ ਕੋਰਟ ਦੀ ਇਜਾਜ਼ਤ ਦੇ ਦੇਸ਼ ਤੋਂ ਬਾਹਰ ਨਹੀਂ ਜਾਣਗੇ| ਇਸ ਦੇ ਨਾਲ ਹੀ ਕੋਰਟ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਮੀਡੀਆ ਵਿੱਚ ਇੰਟਰਵਿਊ ਦੇਣ ਜਾਂ ਕਿਸੇ ਤਰ੍ਹਾਂ ਦਾ ਬਿਆਨ ਦੇਣ ਤੇ ਰੋਕ ਲਾਈ ਹੈ| ਚਿਦਾਂਬਰਮ ਲਈ ਇਹ ਵੱਡੀ ਰਾਹਤ ਹੈ ਕਿਉਂਕਿ ਉਹ ਪਿਛਲੇ 107 ਦਿਨਾਂ ਤੋਂ ਜਾਂਚ ਏਜੰਸੀ ਜਾਂ ਨਿਆਂਇਕ ਹਿਰਾਸਤ ਵਿਚ ਸਨ| ਉਨ੍ਹਾਂ ਨੂੰ ਸੀ. ਬੀ. ਆਈ. ਨੇ ਇਸ ਮਾਮਲੇ ਵਿੱਚ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ| ਉੱਥੇ ਹੀ ਈ. ਡੀ. ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ|