February 5, 2025
#ਪੰਜਾਬ

‘ਐਗਰੀ ਸਟਾਰਸ-ਅੱਪਸ : ਭਾਰਤ ਵਿੱਚ ਸਹਿਕਾਰੀ ਵਿਕਾਸ ‘ਚ ਖੋਜ ਅਤੇ ਤਕਨੀਕ ਦੀ ਭੁਮਿਕਾ’ ‘ਤੇ ਇਕ ਦਿਨਾ ਵਰਕਸ਼ਾਪ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਤਕਨੀਕੀ ਖੋਜਾਂ ਅਪਨਾਉਣ ਦਾ ਦਿੱਤਾ ਸੱਦਾ

ਚੰਡੀਗੜ – ”ਤਕਨੀਕੀ ਵਿਕਾਸ ਖੇਤੀਬਾੜੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਕਿਸਾਨ ਭਾਈਚਾਰਾ ਅਤਿ ਆਧੁਨਿਕ ਤਕਨੀਕ ਰਾਹੀਂ ਮਿਲਣ ਵਾਲੇ ਅਥਾਹ ਫਾਇਦਿਆਂ ਦਾ ਲਾਭ ਉਠਾਏ। ” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲਾਂ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਵਿਖੇ ‘ਐਗਰੀ ਸਟਾਰਸ-ਅੱਪਸ : ਭਾਰਤ ਵਿੱਚ ਸਹਿਕਾਰੀ ਵਿਕਾਸ ‘ਚ ਖੋਜ ਅਤੇ ਤਕਨੀਕ ਦੀ ਭੁਮਿਕਾ’ ‘ਤੇ ਕਰਵਾਈ ਗਈ ਇਕ ਦਿਨਾ ਵਰਕਸ਼ਾਪ ਦੇ ਉਦਘਾਟਨ ਮੌਕੇ ਕੀਤਾ। ਇਹ ਵਰਕਸ਼ਾਪ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ, ਨਾਬਾਰਡ, ਕ੍ਰਿਭਕੋ ਅਤੇ ਹੇਫੈਡ ਵੱਲੋਂ ਕੀਤੀ ਗਈ ਸੀ।ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤਿ ਆਧੁਨਿਕ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਕਿਸਾਨ ਆਪਣੇ ਨਵੇਂ ਸਟਾਰਟ-ਅੱਪਸ ਵਿੱਚ ਨਵੀਨ ਤਕਨੀਕ ਰਾਹੀਂ ਲਾਭ ਪ੍ਰਾਪਤ ਕਰਨਗੇ। ਉਨਾਂ ਅੱਗੇ ਕਿਹਾ ਕਿ ਉਦਮੀ ਕਿਸਾਨਾਂ ਨੂੰ ਪੰਜਾਬ ਦੀਆਂ ਸਹਿਕਾਰੀ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਵੱਲੋਂ ਸਟਾਰਟ-ਅੱਪਸ ਨਾਲ ਸਬੰਧਤ ਸਾਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਰਾਹੀਂ ਖੇਤੀਬਾੜੀ ਨੂੰ ਤਕਨੀਕੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਨਵੇਂ ਪੱਧਰ ‘ਤੇ ਲਿਜਾ ਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਸਹਿਕਾਰੀ ਖੇਤਰ, ਐਗਰੀ ਸਟਾਰ-ਅੱਪਸ ਦੇ ਨਾਲ-ਨਾਲ ਕਿਸਾਨਾਂ ਨੂੰ ਮਹੱਤਵਪੂਰਨ ਕਾਰਕ ਕਰਾਰ ਦਿੱਤਾ, ਜੋ ਪੰਜਾਬ ਦੇ ਆਰਥਿਕ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਨਿਭਾ ਰਹੇ ਹਨ। ਉਨਾਂ ਇਸ ਵਰਕਸ਼ਾਪ ਦੇ ਆਯੋਜਨ ਲਈ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਕਿਸਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰੇਗੀ।ਤਕਨੀਕੀ ਸੈਸ਼ਨ ਦੌਰਾਨ ਅਰਪਿਤਾ ਭੱਟਾਚਾਰਜੀ (ਨਾਬਾਰਡ), ਪ੍ਰਾਜੈਕਟ ਡਾਇਰੈਕਟਰ ਖੇਤੀਬਾੜੀ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਸ੍ਰੀ ਅਮਨ ਕੇਸ਼ਵ, ਐਗਰੀ ਸਲਾਹਕਾਰ ਡਾ. ਰਾਜਿੰਦਰ ਸਿੰਘ, ਸ੍ਰੀ ਜਸਵਿੰਦਰ ਸਿੰਘ, ਡੀ.ਜੀ.ਐਮ. ਯੂਨੀਅਨ ਬੈਂਕ ਆਫ਼ ਇੰਡੀਆ ਸ੍ਰੀ ਪ੍ਰਦੀਪ ਕੁਮਾਰ ਸ੍ਰੀਵਾਸਤਵ, ਰੀਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਦੇ ਡਿਪਟੀ ਡਾਇਰੈਕਟਰ ਸ੍ਰੀ ਜੇ.ਈ.ਪੱਟਕੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਅੱਜ ਦੇ ਯੁੱਗ ਵਿਚ ਸਟਾਰਟ-ਅੱੱਪਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਰੀਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਦੇ ਡਾਇਰੈਕਟਰ ਸ੍ਰੀ ਆਰ.ਕੇ. ਸ਼ਰਮਾ ਨੇ ਕੈਬਨਿਟ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਉਨਾਂ ਨੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਅਤੇ ਰੁਜ਼ਗਾਰ ਦੇ ਵਾਧੂ ਮੌਕੇ ਪੈਦਾ ਕਰਨ ਵਿੱਚ ਐਗਰੀ ਸਟਾਰਟ-ਅੱਪਸ ਦੀ ਭੂਮਿਕਾ ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਦਾ ਸੰਚਾਲਨ ਫੈਕਲਟੀ ਮੈਂਬਰ ਡਾ. ਜੇ.ਐਸ. ਕਾਲੜਾ ਵੱਲੋਂ ਕੀਤਾ ਗਿਆ।ਇਸ ਮੌਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ, ਖੇਤੀਬਾੜੀ ਵਿਭਾਗ ਦੇ ਸਕੱਤਰ ਸ. ਕਾਹਨ ਸਿੰਘ ਪੰਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ ਅਤੇ ਨਾਬਾਰਡ/ਪੰਜਾਬ ਦੇ ਚੀਫ ਜਨਰਲ ਮੈਨੇਜਰ ਸ੍ਰੀ ਜੋਤਿੰਦਰ ਪਾਲ ਸਿੰਘ ਬਿੰਦਰਾ ਸਮੇਤ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ, ਪਨਕੋਫੈਡ, ਪੰਜਾਬ ਮੈਨੇਜਿੰਗ ਡਾਇਰੈਕਟਰ, ਹੇਫੈਡ, ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ, ਸੀ.ਜੀ.ਐਮ., ਯੂਨੀਅਨ ਬੈਂਕ ਆਫ਼ ਇੰਡੀਆ ਆਦਿ ਤੋਂ ਹੋਰ ਪਤਵੰਤੇ ਸ਼ਾਮਲ ਸਨ।