ਜੰਮੂ ‘ਚ ਸਰਹੱਦ ‘ਤੇ ਗੋਲੀਬਾਰੀ ਦੌਰਾਨ 4 ਪਾਕਿ ਫ਼ੌਜੀ ਢੇਰ
![](https://blastingskyhawk.com/wp-content/uploads/2019/12/2-23.jpg)
ਭਾਰਤੀ ਫ਼ੌਜ ਨੇ ਪਾਕਿ ਵੱਲੋਂ ਕੀਤੀ ਜਾ ਰਹੀ ਸੀਜ਼ਫ਼ਾਇਰ ‘ਤੇ ਦਿੱਤਾ ਮੂੰਹ-ਤੋੜ ਜਵਾਬ
ਸ੍ਰੀਨਗਰ – ਭਾਰਤੀ ਫ਼ੌਜ ਨੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਉਸ ਦੇ 3-4 ਫੌਜੀਆਂ ਨੂੰ ਮਾਰ ਸੁੱਟਿਆ ਹੈ। ਵੀਰਵਾਰ ਦੇਰ ਰਾਤ ਪੁੰਛ-ਰਾਜੌਰੀ ਸੈਕਟਰ ‘ਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨ ਵੱਲੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਪਾਕਿਸਤਾਨ ਵੱਲੋਂ ਮੋਰਟਾਰ ਵੀ ਦਾਗ਼ੇ ਗਏ। ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਫ਼ੌਜ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ 3 ਤੋਂ 4 ਪਾਕਿਸਤਾਨੀ ਫੌਜੀ ਵੀ ਢੇਰ ਹੋਏ। ਭਾਰਤ ਵੱਲੋਂ ਦਾਗ਼ੇ ਗਏ ਮੋਰਟਾਰ ਅਤੇ ਭਾਰੀ ਗੋਲੀਬਾਰੀ ‘ਚ ਪਾਕਿਸਤਾਨੀ ਟਿਕਾਣਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨੀ ਗੋਲੀਬਾਰੀ ‘ਚ ਭਾਰਤ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਫੌਜ ਨੇ ਸਾਫ਼ ਕੀਤਾ ਕਿ ਜੇਕਰ ਕੰਟਰੋਲ ਰੇਖਾ ‘ਤੇ ਭਾਰਤ ਦਾ ਇੱਕ ਵੀ ਜਵਾਨ ਸ਼ਹੀਦ ਹੋਇਆ ਤਾਂ ਪਾਕਿਸਤਾਨ ਦੇ ਘੱਟੋ-ਘੱਟ 3 ਜਵਾਨ ਮਾਰੇ ਜਾਣਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਰਾਮਪੁਰ ਸੈਕਟਰ (ਉੜੀ ਦੇ ਕਰੀਬ) ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ, ਜਿਸ ਵਿੱਚ ਸੂਬੇਦਾਰ ਵੀਰਾਸ਼ ਕੁਰਹਾਠੀ ਸ਼ਹੀਦ ਹੋ ਗਏ ਸਨ। ਇੱਕ ਸਥਾਨਕ ਔਰਤ ਦੀ ਵੀ ਮੌਤ ਹੋ ਗਈ। ਪਾਕਿਸਤਾਨੀ ਫੌਜ ਨੇ ਬਾਰਾਮੂਲਾ ਜ਼ਿਲ੍ਹੇ ਦੇ ਕਈ ਸੈਕਟਰਾਂ ‘ਚ ਕਈ ਨਾਗਰਿਕ ਅਤੇ ਰੱਖਿਆ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਤੋਪਾਂ ਨਾਲ ਹੋਈ ਗੋਲੀਬਾਰੀ ਕਾਰਨ ਕੰਟਰੋਲ ਰੇਖਾ ਦੇ ਇਸ ਪਾਰ ਅੰਦਰੂਨੀ ਇਲਾਕਿਆਂ ‘ਚ ਰਹਿਣ ਵਾਲੇ ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਤਣਾਅ ਅਜਿਹੇ ਮਾਹੌਲ ‘ਚ ਵਧਾਇਆ ਹੈ, ਜਦੋਂ ਭਾਰਤ ਸਰਕਾਰ ਨੇ 2 ਦਿਨ ਪਹਿਲਾਂ ਹੀ ਕਸ਼ਮੀਰ ਤੋਂ 7 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਹੈ। ਇਨ੍ਹਾਂ ਨੂੰ ਧਾਰਾ-370 ਨੂੰ ਰੱਦ ਕੀਤੇ ਜਾਣ ਤੋਂ ਪਹਿਲਾਂ ਤਾਇਨਾਤ ਕੀਤਾ ਗਿਆ ਸੀ।