February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਇੰਡਸਟ੍ਰੀਅਲ ਗਰੋਥ ਸੈਂਟਰ ਦੇ ਵਿਕਾਸ ਲਈ 2.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਬਠਿੰਡਾ – ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮਾਨਸਾ ਰੋਡ ‘ਤੇ ਸਥਿਤ ਇੰਡਸਟ੍ਰੀਅਲ ਗਰੋਥ ਸੈਂਟਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕਰਨ ਉਪਰੰਤ ਕਿਹਾ ਕਿ ਬਠਿੰਡਾ ਨੂੰ ਇੰਡਸਟ੍ਰੀਅਲ ਹੱਬ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਅੱਜ ਉਦਯੋਗਿਕ ਖੇਤਰ ਨੂੰ ਹੋਰ ਜ਼ਿਆਦਾ ਹੁੰਗਾਰਾ ਦੇਣ ਦੇ ਮੰਤਵ ਨਾਲ ਇਸ ਹੱਬ ਵਿਖੇ ਸੜਕਾਂ ਅਤੇ ਪਾਰਕਾਂ ਤੋਂ ਇਲਾਵਾ ਵੱਖ-ਵੱਖ ਉਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਵਾਈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅਧੂਰੇ ਪਏ ਸਨ। ਉਨ੍ਹਾਂ ਅੱਜ ਉਚੇਚੇ ਤੌਰ ‘ਤੇ ਇੰਡਸਟ੍ਰੀਅਲ ਗਰੋਥ ਸੈਂਟਰ ਬਠਿੰਡਾ ਵਿਖੇ ਪਹੁੰਚ ਕੇ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੰਡਸਟ੍ਰੀਅਲ ਗਰੋਥ ਸੈਂਟਰ ਦੀਆਂ ਅੰਦਰਲੀਆਂ ਸੜਕਾਂ ਦੀ ਮੁਰੰਮਤ ਦੇ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਡਸਟ੍ਰੀਅਲ ਗਰੋਥ ਸੈਂਟਰ ਦੀਆਂ ਸੜਕਾਂ ‘ਤ ਚੱਲਣ ਵਾਲੇ ਵਾਹਨਾਂ, ਖਾਸ ਕਰਕੇ ਭਾਰੀ ਵਾਹਨਾਂ ਦੇ ਚੱਲਣ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਪਾਰ ਨੂੰ ਪ੍ਰਫੁੱਲਤ ਕਰ ਰਹੀ ਹੈ। ਆਉਂਦੇ ਸਮੇਂ ਵਿੱਚ ਇਨਵੈਸਟ ਪੰਜਾਬ ਮੁਹਿੰਮ ਤਹਿਤ ਬਠਿੰਡਾ ਨੂੰ ਇੱਕ ਇੰਡਸਟ੍ਰੀਅਲ ਹੱਬ ਬਣਾਇਆ ਜਾਵੇਗਾ। ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਵਿੱਤ ਮੰਤਰੀ ਨੇ ਜਿੱਥੇ ਉਨ੍ਹਾਂ ਨੂੰ ਉਦਯੋਗ ਨਾਲ ਜੁੜੀ ਹਰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਉੱਥੇ ਨਾਲ ਹੀ 138 ਕਰੋੜ ਰੁਪਏ ਦਾ ਚੈੱਕ ਜਾਰੀ ਕੀਤਾ। ਇਸ ਤੋਂ ਪਹਿਲਾਂ ਸ਼ਹਿਰ ਦੇ ਦੌਰੇ ਦੌਰਾਨ ਉਨ੍ਹਾਂ ਪੰਚਾਇਤ ਭਵਨ ਦਫ਼ਤਰ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੱਲ ਕੀਤਾ। ਆਪਣੇ ਸ਼ਹਿਰ ਦੇ ਦੌਰੇ ਦੌਰਾਨ ਹੀ ਵਿੱਤ ਮੰਤਰੀ ਪਰਜਾਪਤ ਕਾਲੋਨੀ ਵਿਖੇ ਵੀ ਗਏ ਅਤੇ ਇਸ ਕਾਲੋਨੀ ਵਿੱਚ ਰਹਿ ਰਹੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਉਹ ਪਟੇਲ ਨਗਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 5 ਲੱਖ ਰੁਪਏ ਦਾ ਚੈੱਕ ਮਾਤਾ ਵੈਸ਼ਨੋ ਦੇਵੀ ਮੰਦਿਰ ਟਰੱਸਟ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵੱਖ-ਵੱਖ ਕਾਂਗਰਸੀ ਆਗੂ ਜਿਨ੍ਹਾਂ ਵਿੱਚ ਅਰੁਣ ਵਧਾਵਨ, ਕੇਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਰਾਜ ਨੰਬਰਦਾਰ, ਹਰੀ ਓਮ ਠਾਕੁਰ, ਬਲਜਿੰਦਰ ਠੇਕੇਦਾਰ ਮੌਜੂਦ ਸਨ। ਇਸ ਤੋਂ ਇਲਾਵਾ ਇੰਡਸਟ੍ਰੀਅਲ ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਵਾਈਸ ਪ੍ਰਧਾਨ ਕੁਨਾਲ ਗੁਪਤਾ, ਸੈਕਟਰੀ ਰਵਿੰਦਰ ਬਾਂਸਲ ਰੌਕੀ, ਕੈਸ਼ੀਅਰ ਰਮਨ ਮਿੱਤਲ, ਚੇਅਰਮੈਨ ਭੂਸ਼ਨ ਗਰਗ, ਚੇਅਰਮੈਨ ਸੁਰਿੰਦਰ ਨਾਗਪਾਲ, ਸਰਪ੍ਰਸਤ ਨੌਹਰ ਚੰਦ ਗੋਇਲ ਵੀ ਮੌਜੂਦ ਸਨ।