ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਸਹਾਇਕ ਥਾਣੇਦਾਰ 20 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਮਾਨਸਾ – ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਸ਼ਨੀਵਾਰ ਨੂੰ ਮਾਨਸਾ ਐਸ.ਟੀ.ਐਫ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮਨਜੀਤ ਕੌਰ ਵਾਸੀ ਜੋਗਾ ਦੇ ਲੜਕੇ ਸਰਬਜੀਤ ਸਿੰਘ ਤੇ ਐਸ.ਟੀ.ਐਫ ਟੀਮ ਮਾਨਸਾ ਨੇ 24 ਦਸੰਬਰ ਨੂੰ ਐਨ.ਡੀ.ਪੀ.ਐਸ.ਐਕਟ ਤਹਿਤ ਨਸ਼ੀਲੀਆਂ ਗੋਲੀਆਂ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮਨਜੀਤ ਕੌਰ ਦੀ ਨੂੰਹ ਸੁਖਪਾਲ ਕੌਰ ਨੂੰ ਨਾਮਜਦ ਕਰਨ ਦਾ ਡਰਾਵਾ ਦੇ ਕੇ ਏ.ਐਸ.ਆਈ. ਸੁਰਿੰਦਰ ਸਿੰਘ ਅਤੇ ਏ.ਐਸ.ਆਈ. ਦਰਸ਼ਨ ਸਿੰਘ ਐਸ.ਟੀ.ਐਫ ਮਾਨਸਾ ਨੇ ਮਨਜੀਤ ਕੌਰ ਤੋਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਕਤ ਦੋਵਾਂ ਵਿਅਕਤੀਆਂ ਵੱਲੋਂ 20 ਹਜ਼ਾਰ ਰੁਪਏ ਸ਼ਨੀਵਾਰ, 28 ਦਸੰਬਰ ਨੂੰ ਅਤੇ 10 ਹਜ਼ਾਰ ਰੁਪਏ ਬਾਅਦ ਵਿੱਚ ਲੈਣ ਦਾ ਵਾਅਦਾ ਕੀਤਾ ਸੀ। ਸੁਰਿੰਦਰ ਸਿੰਘ ਅਤੇ ਦਰਸ਼ਨ ਸਿੰਘ ਜਦ ਮਨਜੀਤ ਕੌਰ ਦੇ ਘਰ ਪੈਸੇ ਲੈਣ ਗਏ ਤਾਂ ਵਿਜੀਲੈਂਸ ਯੂਨਿਟ ਮਾਨਸਾ ਵੱਲੋਂ ਸਰਕਾਰੀ ਗਵਾਹਾਂ ਡਾ ਰਵੀ ਭੂਸ਼ਣ ਵੈਟਨਰੀ ਅਫਸਰ ਸਿਵਲ ਵੈਟਨਰੀ ਹਸਪਤਾਲ ਦਲੇਲ ਸਿੰਘ ਵਾਲਾ, ਜਗਦੇਵ ਸਿੰਘ ਵੈਟਨਰੀ ਅਫਸਰ ਸਿਵਲ ਹਸਪਤਾਲ ਢੈਪਈ ਦੀ ਹਾਜ਼ਰੀ ਵਿੱਚ 20 ਹਜ਼ਾਰ ਰਿਸ਼ਵਤ ਲੈਂਦਿਆਂ ਥਾਣੇਦਾਰ ਦਰਸ਼ਨ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ, ਜਦੋਂ ਕਿ ਥਾਣੇਦਾਰ ਸੁਰਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਮਾਨਸਾ ਦੇ ਡੀ ਐਸ ਪੀ, ਸੰਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ।