February 5, 2025
#ਦੇਸ਼ ਦੁਨੀਆਂ

ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਸੈਲਾਨੀਆਂ ਸਮੇਤ 4 ਹਜ਼ਾਰ ਲੋਕ ਫਸੇ

ਸਿਡਨੀ – ਆਸਟ੍ਰੇਲੀਆ ਵਿੱਚ ਜੰਗਲੀ ਅੱਗ ਦਾ ਕਹਿਰ ਜਾਰੀ ਹੈ| ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਤੇ ਕੰਟਰੋਲ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ| ਇਹ ਜੰਗਲੀ ਅੱਗ ਸਮੁੰਦਰ ਦੇ ਕਿਨਾਰੇ ਵੱਸਦੇ ਲੋਕਪ੍ਰਿਅ ਟੂਰਿਸਟ ਸ਼ਹਿਰ ਮੱਲਕੂਟਾ ਤੱਕ ਪਹੁੰਚ ਚੁੱਕੀ ਹੈ| ਇਸ ਕਾਰਨ ਉੱਥੇ ਛੁੱਟੀਆਂ ਮਨਾਉਣ ਆਏ ਹਜ਼ਾਰਾਂ ਸੈਲਾਨੀ ਅਤੇ ਸਥਾਨਕ ਵਸਨੀਕ ਫਸ ਗਏ ਹਨ| ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੱਲਕੂਟਾ ਸ਼ਹਿਰ ਵਿੱਚ ਤਕਰੀਬਨ 4 ਹਜ਼ਾਰ ਲੋਕ ਫਸੇ ਹੋਏ ਹਨ| ਗੌਰਤਲਬ ਹੈ ਕਿ ਅਧਿਕਾਰੀ ਕਈ ਦਿਨਾਂ ਤੋਂ ਆਸਟ੍ਰੇਲੀਆ ਵਿੱਚ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ 30,000 ਸੈਲਾਨੀਆਂ ਨੂੰ ਇਲਾਕੇ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਰਹੇ ਹਨ|ਇਹ ਉਹਨਾਂ ਸੈਂਕੜੇ ਇਲਾਕਿਆਂ ਵਿਚੋਂ ਇਕ ਹੈ ਜੋ ਜੰਗਲੀ ਅੱਗ ਦੀ ਚਪੇਟ ਵਿੱਚ ਹੈ| ਵਿਕਟੋਰੀਆ ਆਫਤ ਪ੍ਰਬੰਧਨ ਕਮਿਸ਼ਨਰ ਐਂਡਰਿਊ ਕ੍ਰਿਸਪ ਨੇ ਕਿਹਾ ਕਿ ਸਾਡੇ ਕੋਲ ਮੱਲਕੂਟਾ ਵਿਚ 3 ਦਲ ਹਨ ਜੋ ਉੱਥੇ ਸਮੁੰਦਰ ਤੱਟ ਤੇ 4 ਹਜ਼ਾਰ ਲੋਕਾਂ ਦੀ ਦੇਖਭਾਲ ਕਰਨਗੇ| ਅਸੀਂ ਉਹਨਾਂ ਭਾਈਚਾਰਿਆਂ ਨੂੰ ਲੈ ਕੇ ਚਿੰਤਤ ਹਾਂ ਜਿਹੜੇ ਅਲੱਗ-ਥਲੱਗ ਹੋ ਗਏ ਹਨ| ਜੇਕਰ ਲੋੜ ਪਈ ਤਾਂ ਲੋਕਾਂ ਨੂੰ ਸਮੁੰਦਰ ਜਾਂ ਵਾਯੂ ਮਾਰਗ ਜ਼ਰੀਏ ਬਾਹਰ ਕੱਢਿਆ ਜਾਵੇਗਾ| ਸੋਸ਼ਲ ਮੀਡੀਆ ਤੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਉਹ ਜੀਵਨ ਰੱਖਿਅਕ ਜੈਕੇਟ ਪਹਿਨੇ ਹੋਏ ਹਨ| ਜੇਕਰ ਲੋੜ ਪਈ ਤਾਂ ਅੱਗ ਤੋਂ ਬਚਣ ਲਈ ਤਾਂ ਉਹ ਸਮੁੰਦਰ ਵਿੱਚ ਉਤਰ ਜਾਣਗੇ|ਨਿਊ ਸਾਊਥ ਵੇਲਜ਼ ਪੇਂਡੂ ਦਮਕਲ ਸੇਵਾ ਨੇ ਦੱਸਿਆ ਕਿ ਅੱਜ ਸਵੇਰੇ ਅੱਗ ਬਹੁਤ ਤੇਜ਼ੀ ਨਾਲ ਫੈਲੀ| ਇਹ ਲੋਕਾਂ ਦੀ ਜ਼ਿੰਦਗੀ ਤੇ ਗੰਭੀਰ ਖਤਰਾ ਪੈਦਾ ਕਰ ਰਹੀ ਹੈ| ਉਹਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ,”ਲੋਕ ਉਸ ਦੇ ਰਸਤੇ ਵਿਚ ਨਾ ਆਉਣ| ਉਹ ਜੰਗਲੀ ਇਲਾਕਿਆਂ ਵਿਚ ਜਾਣ ਤੋਂ ਬਚਣ| ਜੇਕਰ ਰਸਤਾ ਸਾਫ ਹੈ ਤਾਂ ਵੱਡੇ ਸ਼ਹਿਰਾਂ ਜਾਂ ਸਮੁੰਦਰ ਤੱਟਾਂ ਵੱਲ ਜਾਓ|” ਹਾਲਤ ਵਿਗੜਦੇ ਦੇਖ ਦੇਸ਼ ਦੇ ਚਾਰ ਰਾਜਾਂ ਵਿਚ ਐਮਰਜੈਂਸੀ ਸਥਿਤੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ|