ਅੱਜ ਪੰਜਾਬ ਰੋਡਵੇਜ਼, ਪਨਬੱਸ ਤੇ PRTC ਬੱਸਾਂ ਦਾ ਹੋਵੇਗਾ ਚੱਕਾ ਜਾਮ
ਚੰਡੀਗੜ੍ਹ : ਅੱਜ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮ ਅੱਜ ਅਫ਼ਸਰਸ਼ਾਹੀ ਦੀ ਵਧੀਕੀਆਂ ਖਿਲਾਫ਼ ਬੱਸਾਂ ਬੰਦ ਕਰਨਗੇ। ਦਰਅਸਲ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ। ਯੂਨੀਅਨ ਨੇ ਕਿਹਾ ਕਿ ਜੇਕਰ ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 18 ਮਈ ਨੂੰ ਦੁਪਹਿਰ 12 ਵਜੇ ਤੋਂ ਬਾਅਦ ਸੂਬੇ ਵਿੱਚ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ।
ਇਹ ਐਲਾਨ ਚੰਡੀਗੜ੍ਹ ਦੇ ਚੀਮਾ ਭਵਨ ਵਿੱਚ ਪੰਜਾਬ ਰੋਡਵੇਜ਼/ ਪਨਬੱਸ/ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਕਾਨਫਰੰਸ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢੱਲੋਂ, ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੀ. ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ, ਕੈਸ਼ੀਅਰ ਬਲਜਿੰਦਰ ਸਿੰਘ ਨੇ ਐਲਾਨ ਕੀਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਕੋਈ ਹੱਲ ਲੱਭਣ ਦੀ ਬਜਾਏ ਧੱਕੇਸ਼ਾਹੀ ਕਰ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ 18 ਮਈ ਤੋਂ ਬੱਸਾਂ ਨਾ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਜ਼ਿਆਦਾ ਸਵਾਰੀਆਂ ਹੋਣ ‘ਤੇ ਬੱਸਾਂ ਨੂੰ ਨਾ ਰੋਕਣ, ਲੰਬੇ ਰੂਟ ‘ਤੇ ਬਿਨਾਂ ਰੁਕੇ ਪੈਦਲ ਚੱਲਣ ਸਮੇਤ ਅਧਿਕਾਰੀਆਂ ਵੱਲੋਂ ਗਲਤ ਫੈਸਲੇ ਲਏ ਜਾ ਰਹੇ ਹਨ। ਇਨ੍ਹਾਂ ਮੰਗਾਂ ਦਾ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨਾ ਹੋਵੇਗਾ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 18 ਮਈ ਤੋਂ ਬੱਸਾਂ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ 28 ਅਤੇ 29 ਮਈ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।