ਕਾਰਤੀ ਚਿਦੰਬਰਮ ਦੇ ਕਰੀਬੀ ਗ੍ਰਿਫਤਾਰ, ਵੀਜ਼ੇ ਲਈ ਚੀਨੀ ਨਾਗਰਿਕਾਂ ਤੋਂ 50 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼
ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੇ ਕਰੀਬੀ ਭਾਸਕਰਰਾਮਨ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ 17 ਮਈ ਨੂੰ ਹੋਈ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਹੈ। ਉਸ ‘ਤੇ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ ਕਥਿਤ ਤੌਰ ‘ਤੇ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਸੀਬੀਆਈ ਨੇ ਮੰਗਲਵਾਰ ਨੂੰ ਕਾਰਤੀ ਚਿਦੰਬਰਮ ਦੇ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਲੈਣ-ਦੇਣ ਦੀ ਜਾਂਚ ਦੌਰਾਨ ਇਸ ਬਾਰੇ ਪਤਾ ਲੱਗਿਆ। ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਥਿਤ ਤੌਰ ‘ਤੇ ਨਿਯਮਾਂ ਦੀ ਅਣਦੇਖੀ ਕਰ ਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕੀਤੀ ਸੀ। ਦਰਅਸਲ ਪੰਜਾਬ ‘ਚ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਪ੍ਰਾਜੈਕਟ ਚੱਲ ਰਿਹਾ ਸੀ, ਜਿਸ ਲਈ ਨਿਯਮਾਂ ਦੀ ਅਣਦੇਖੀ ਕਰਕੇ ਚੀਨੀ ਮਜ਼ਦੂਰਾਂ ਨੂੰ ਵੀਜ਼ੇ ਦਿੱਤੇ ਗਏ ਸਨ।
ਕੀ ਹੈ ਮਾਮਲਾ
ਪੰਜਾਬ ਦੇ ਮਾਨਸਾ ਵਿੱਚ ਇੱਕ ਨਿੱਜੀ ਕੰਪਨੀ 1980 ਮੈਗਾਵਾਟ ਦਾ ਤਾਪ ਬਿਜਲੀ ਘਰ ਲਗਾ ਰਹੀ ਸੀ। ਇਸ ਦੀ ਜ਼ਿੰਮੇਵਾਰੀ ਚੀਨ ਦੀ ਇਕ ਕੰਪਨੀ ਨੂੰ ਦਿੱਤੀ ਗਈ ਸੀ। ਦੋਸ਼ ਹੈ ਕਿ ਇਸ ਪ੍ਰਾਜੈਕਟ ਵਿਚ ਦੇਰੀ ਹੋ ਰਹੀ ਹੈ। ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਚੀਨੀ ਪੇਸ਼ੇਵਰਾਂ ਨੂੰ ਮਾਨਸਾ ਲਿਆਂਦਾ ਗਿਆ। ਚੇਨਈ ਦੇ ਇਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਲਈ ਵੀਜ਼ੇ ਦਾ ਪ੍ਰਬੰਧ ਕੀਤਾ ਸੀ। ਇਸ ਨੇ ਨਿਯਮਾਂ ਦੀ ਅਣਦੇਖੀ ਕੀਤੀ। ਕੁੱਲ 263 ਪ੍ਰੋਜੈਕਟ ਵੀਜ਼ੇ ਜਾਰੀ ਕੀਤੇ ਗਏ ਸਨ।