ਅਮਰੀਕਾ ’ਚ ਗੰਨ-ਕੰਟਰੋਲ ਬਾਰੇ ਫਿਰ ਭਖੀ ਬਹਿਸ
ਰੋਜ਼ਾਨਾ ਔਸਤਨ 90 ਅਮਰੀਕੀ ਮਰਦੇ ਨੇ ਗੋਲੀਬਾਰੀ ਦੀਆਂ ਘਟਨਾਵਾਂ ’ਚ; ਹਮਲਾਵਰ ਦੇ ਘਰੋਂ ਮਿਲੇ ਹੋਰ ਹਥਿਆਰ
ਵਾਸ਼ਿੰਗਟਨ, 3 ਅਕਤੂਬਰ
ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਬੀਤੇ ਦਿਨ ਵਾਪਰੀ ਅੰਨ੍ਹੇਵਾਹ ਗੋਲੀਬਾਰੀ ਦੀ ਭਿਆਨਕ ਘਟਨਾ ਪਿਛੋਂ ਮੁਲਕ ਵਿੱਚ ਬੰਦੂਕਾਂ ਉਤੇ ਕੰਟਰੋਲ (ਗੰਨ-ਕੰਟਰੋਲ) ਸਬੰਧੀ ਵਿਵਾਦਗ੍ਰਸਤ ਕਾਨੂੰਨ ’ਤੇ ਮੁੜ ਬਹਿਸ ਛਿੜ ਪਈ ਹੈ। ਮੁਲਕ ਵਿੱਚ ਹਥਿਆਰ ਰੱਖਣ ਉਤੇ ਬੰਦਸ਼ਾਂ
ਆਇਦ ਕੀਤੇ ਜਾਣ ਦੀ ਮੰਗ ਜ਼ੋਰ ਫੜ ਗਈ ਹੈ, ਪਰ ਉਥੇ ਅਜਿਹੀ ਲਾਬੀ ਵੀ ਹੈ, ਜੋ ਕਿਸੇ ਤਰ੍ਹਾਂ ਦੇ ਗੰਨ-ਕੰਟਰੋਲ ਦਾ ਵਿਰੋਧ ਕਰਦੀ ਹੈ। ਇਸ ਦੌਰਾਨ ਆਸਟਰੇਲੀਆ ਨੇ ਅਮਰੀਕਾ ਨੂੰ ਗੰਨ-ਕੰਟਰੋਲ ਕਾਨੂੰਨ ਬਣਾਉਣ ਵਿੱਚ ਮੱਦਦ ਦੀ ਪੇਸ਼ਕਸ਼ ਕੀਤੀ ਹੈ।
ਗੋਲੀਬਾਰੀ ਦੀਆਂ ਘਟਨਾਵਾਂ ਦਾ ਲੇਖਾ-ਜੋਖਾ ਰੱਖਣ ਵਾਲੀ ਸੰਸਥਾ ‘ਗੰਨ ਵਾਇਲੈਂਸ ਆਰਕਾਈਵ’ ਮੁਤਾਬਕ ਅਮਰੀਕਾ ਵਿੱਚ ਇਕੱਲੇ 2017 ਦੌਰਾਨ ਹੀ ਅੰਨ੍ਹੇਵਾਹ ਗੋਲੀਬਾਰੀ ਦੀਆਂ 273 ਘਟਨਾਵਾਂ ਵਿੱਚ ਕਰੀਬ 12 ਹਜ਼ਾਰ ਜਾਨਾਂ ਜਾ ਚੁੱਕੀਆਂ ਹਨ। ਔਸਤਨ 90
ਅਮਰੀਕੀ ਰੋਜ਼ਾਨਾ ਫਾਇਰਿੰਗ ਕਾਰਨ ਮਰਦੇ ਹਨ। ਬੀਤੀ ਰਾਤ ਲਾਸ ਵੈਗਸ ਵਿੱਚ ਸੰਗੀਤਕ ਸਮਾਗਮ ਵਿੱਚ ਇਕੱਤਰ ਲੋਕਾਂ ਉਤੇ ਇਕ ਜਨੂੰਨੀ ਵੱਲੋਂ ਹੋਟਲ ਦੀ 32ਵੀਂ ਮੰਜ਼ਲ ਤੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਕਾਰਨ ਕਰੀਬ 60 ਜਣੇ ਮਾਰੇ ਗਏ ਤੇ 500 ਤੋਂ ਵੱਧ
ਜ਼ਖ਼ਮੀ ਹੋਏ ਹਨ, ਪਰ ਉਸ ਨੇ ਅਜਿਹਾ ਕਿਉਂ ਕੀਤਾ, ਇਹ ਪਤਾ ਲਾਉਣ ਲਈ ਅੱਜ ਵੀ ਤਫ਼ਤੀਸ਼ਕਾਰ ਸਿਰਖਪਾਈ ਕਰਦੇ ਰਹੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਵੇਂ ਇਸ ਘਟਨਾ ਨੂੰ ‘ਸ਼ੈਤਾਨੀ ਕਾਰਾ’ ਕਰਾਰ ਦਿੱਤਾ ਹੈ, ਪਰ ਉਹ ਬਾਵਜੂਦ ਗੰਨ-ਕੰਟਰੋਲ ਦੇ ਹੱਕ ਵਿੱਚ ਇਕ ਹਰਫ਼ ਵੀ ਨਹੀਂ ਬੋਲੇ, ਕਿਉਂਕਿ ਉਹ ਵੀ ਮੁਲਕ ਵਿੱਚ ਗੰਨ-ਕੰਟਰੋਲ ਦਾ ਵਿਰੋਧ ਕਰਨ ਵਾਲਿਆਂ ਵਿੱਚ ਮੋਹਰੀ
ਹਨ। ਦੂਜੇ ਪਾਸੇ ਸੀਨੀਅਰ ਡੈਮੋਕ੍ਰੈਟਿਕ ਆਗੂ ਤੇ ਪ੍ਰਤੀਨਿਧ ਸਭਾ ਦੀ ਮੈਂਬਰ ਨੈਂਸੀ ਪੈਲੋਸੀ ਨੇ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਅਜਿਹੀ ਹਿੰਸਾ ਦੇ ਖ਼ਾਤਮੇ ਉਤੇ ਵਿਚਾਰ ਕਰਨ ਲਈ ਕਾਂਗਰਸ ਦੀ ਇਕ ਸਥਾਈ ਕਮੇਟੀ ਬਣਾਏ ਜਾਣ ’ਤੇ ਜ਼ੋਰ ਦਿੱਤਾ ਹੈ। ਭਾਰਤੀ
ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜਯਾਪਾਲ ਨੇ ਵੀ ਬੀਤੇ ਦਿਨ ਪ੍ਰਤੀਨਿਧ ਸਭਾ ਨੂੰ ਸੰਬੋਧਨ ਕਰਦਿਆਂ ਆਪਣੀ ਜਜ਼ਬਾਤੀ ਤਕਰੀਰ ਵਿੱਚ ਹਥਿਆਰਾਂ ਉਤੇ ਪਾਬੰਦੀ ਲਾਏ ਜਾਣ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਦੌਰਾਨ ਪੁਲੀਸ ਨੂੰ ਲਾਸ ਵੈਗਸ ਗੋਲੀਬਾਰੀ ਦੀ ਘਟਨਾ ਦੇ ਮੁਲਜ਼ਮ ਸਟੀਫਨ ਪੈਡੌਕ ਦੇ ਮੈਸਟੀਕ ਸਥਿਤ ਘਰ ਤੋਂ ਹਥਿਆਰਾਂ ਦਾ ‘ਭਾਰੀ ਜ਼ਖ਼ੀਰਾ’ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ ਉਸ ਦੇ ਹੋਟਲ ਦੇ ਕਮਰੇ ਤੋਂ ਵੀ ਘੱਟੋ-ਘੱਟ 17 ਹਥਿਆਰ ਮਿਲੇ
ਹਨ, ਜਦੋਂਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਇਹ ਗਿਣਤੀ ਅੱਠ ਦੱਸੀ ਗਈ ਸੀ।
ਆਈਐਸ ਦੇ ਦਾਅਵੇ ਵਿੱਚ ਦਮ ਨਹੀਂ
ਕਾਹਿਰਾ: ਲਾਸ ਵੈਗਸ ਗੋਲੀਬਾਰੀ ਦੀ ਬਿਨਾਂ ਕਿਸੇ ਸਬੂਤ ਤੋਂ ਜ਼ਿੰਮੇਵਾਰ ਲੈ ਕੇ ਅਤਿਵਾਦੀ ਟੋਲੇ ਆਈਐਸ ਨੇ ਆਪਣੀ ਸਥਿਤੀ ਹਾਸੋਹੀਣੀ ਬਣਾ ਲਈ ਹੈ। ਹਮਲੇ ਤੋਂ ਕੁਝ ਘੰਟੇ ਬਾਅਦ ਇਸ ਦੇ ਪ੍ਰਚਾਰ ਵਿੰਗ ਨੇ ਬੀਤੇ ਦਿਨ ਜਾਰੀ ਦੋ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਇਹ
ਹਮਲਾ ਉਸ ਦੇ ਇਕ ‘ਸਿਪਾਹੀ’ ਨੇ ਕੀਤਾ ਸੀ। ਜਾਣਕਾਰਾਂ ਮੁਤਾਬਕ ਆਈਐਸ ਦਾ ਇਹ ਦਾਅਵਾ ਸੱਚਾ ਨਹੀਂ ਜਾਪਦਾ ਤੇ ਇਸ ਦਾ ਝੂਠੇ ਦਾਅਵੇ ਕਾਰਨ ਪੁਰਾਣਾ ਇਤਿਹਾਸ ਰਿਹਾ ਹੈ। ਗਰੁੱਪ ਨੇ ਬਾਅਦ ਵਿੱਚ ਇਕ ਹੋਰ ਬਿਆਨ ਜਾਰੀ ਕਰ ਕੇ ਹਮਲਵਾਰ ਦਾ ਨਾਂ ‘ਅਬੂ
ਅਬਦ ਅਲ-ਬਾਰ ਅਲ-ਅਮਰੀਕੀ’ ਕਰਾਰ ਦਿੱਤਾ।