February 5, 2025
#ਖੇਡਾਂ

ਗੋਲਕੀਪਿੰਗ ਕਰਨਾ ਚੁਣੌਤੀਪੂਰਨ ਕੰਮ : ਧੀਰਜ

ਨਵੀਂ ਦਿੱਲੀ — ਭਾਰਤੀ ਅੰਡਰ-17 ਫੁੱਟਬਾਲ ਟੀਮ ਦੇ ਗੋਲਕੀਪਰ ਧੀਰਜ ਸਿੰਘ ਨੇ ਕਿਹਾ ਹੈ ਕਿ ਫੀਫਾ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ‘ਚ ਗੋਲਕੀਪਿੰਗ ਕਰਨਾ ਚੁਣੌਤੀਪੂਰਨ ਹੋਵੇਗਾ ਪਰ ਉਹ ਇਸ ਦੇ ਲਈ ਸੌ ਫੀਸਦੀ ਤਿਆਰ ਹੈ। ਧੀਰਜ ਨੇ ਇਥੇ ਕਿਹਾ ਕਿ ਅਸੀਂ ਆਪਣੀਆਂ ਵਿਰੋਧੀ ਟੀਮਾਂ ਦਾ ਸਨਮਾਨ ਕਰਦੇ ਹਾਂ ਪਰ ਇਕ ਗੋਲਕੀਪਰ ਦੇ ਰੂਪ ‘ਚ ਇਹ ਮੇਰਾ ਕੰਮ ਹੈ ਕਿ ਮੈਂ ਉਨ੍ਹਾਂ ਸਾਹਮਣੇ ਇਕ ਮਜ਼ਬੂਤ ਦੀਵਾਰ ਦੀ ਤਰ੍ਹਾਂ ਖੜ੍ਹਾ ਰਹਾਂ ਤੇ ਮੈਂ ਇਸ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਆਪਣੀ ਗੋਲਕੀਪਿੰਗ ਨੂੰ ਕਿਵੇਂ ਦੇਖਦੇ ਹੋ ਤਾਂ ਉਸ ਨੇ ਕਿਹਾ ਕਿ ਤੁਹਾਨੂੰ ਸਮੇਂ ਅਨੁਸਾਰ ਗੋਲਕੀਪਿੰਗ ਦੀ ਸ਼ੈਲੀ ‘ਚ ਬਦਲਾਅ ਕਰਨਾ ਪਵੇਗਾ। ਕਦੇ-ਕਦੇ ਹਮਲਾਵਰ ਗੋਲਕੀਪਿੰਗ ਕਾਰਨ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਕ ਗੋਲਕੀਪਰ ਦੇ ਰੂਪ ਵਿਚ ਮੇਰੇ ਲਈ ਦੋਵੇਂ ਚੀਜ਼ਾਂ ਕਾਫੀ ਅਹਿਮ ਹਨ। ਭਾਰਤੀ ਟੀਮ ਦੇ ਗੋਲਕੀਪਰ ਨੇ ਕਿਹਾ ਕਿ ਗੋਲਕੀਪਰ ਦਾ ਕੰਮ ਕਾਫੀ ਚੌਕਸ ਰਹਿਣਾ ਹੁੰਦਾ ਹੈ। ਗੋਲਕੀਪਰ ਟੀਮ ਲਈ ਆਖਰੀ ਦੀਵਾਰ ਦੀ ਤਰ੍ਹਾਂ ਹੁੰਦਾ ਹੈ। ਟੀਮ ਜਦੋਂ ਦਬਾਅ ਵਿਚ ਹੁੰਦੀ ਹੈ ਤਾਂ ਉਹੀ ਇਸ ‘ਚੋਂ ਬਾਹਰ ਨਿਕਲਣ ‘ਚ ਮਦਦ ਕਰਦਾ ਹੈ। ਧੀਰਜ ਨੇ ਕਿਹਾ ਕਿ ਬਲੀਦਾਨ ਤੇ ਸਖਤ ਮਿਹਨਤ ਤੋਂ ਬਾਅਦ ਮੈਂ ਫੀਫਾ ਵਿਸ਼ਵ ਕੱਪ ਦੀ ਟੀਮ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਟੀਮ ਦਾ ਹਿੱਸਾ ਬਣ ਰਿਹਾ ਹਾਂ ਤੇ ਮੈਂ ਇਸ ਵਿਚ ਆਪਣਾ ਸੌ ਫੀਸਦੀ ਦੇ ਕੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦਾ ਹਾਂ।