ਖਰੜ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਸਦੇ ਪੁੱਤਰ ਵਿਚਾਲੇ ਹੱਥੋਪਾਈ ਹੋਣ ਕਾਰਨ ਵਧਿਆ ਤਨਾਓ
ਕਿਸਾਨਾਂ ਨੇ ਟਰਾਲੀਆਂ ਲਾ ਕੇ ਮੰਡੀ ਦਾ ਰਾਹ ਰੋਕਿਆ, ਮੰਡੀ ਦਾ ਕੰਮਕਾਜ ਰਿਹਾ ਠੱਪ
ਖਰੜ : ਖਰੜ ਦੀ ਅਨਾਜ ਮੰਡੀ ਵਿਖੇ ਅੱਜ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਵਲੋਂ ਮੰਡੀ ਦੇ ਦੋਵੇਂ ਗੇਟਾਂ ਉਪਰ ਟਰਾਲੀਆਂ ਖੜੀਆਂ ਕਰਕੇ ਰਸਤੇ ਬੰਦ ਕਰ ਦਿਤੇ ਗਏ, ਉਥੇ ਹੀ ਦੂਜੇ ਪਾਸੇ ਆੜਤੀਆਂ ਅਤੇ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ| ਜਿਕਰਯੋਗ ਹੈ ਕਿ ਖਰੜ ਦੀ ਅਨਾਜ ਮੰਡੀ ਵਿੱਚ ਬੀਤੀ ਰਾਤ ਉਸ ਸਮੇਂ ਤਨਾਓ ਪੈਦਾ ਹੋ ਗਿਆ ਸੀ ਜਦੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੂਦ ਅਤੇ ਮੰਡੀ ਵਿੱਚ ਟਰਾਲੀਆਂ ਵਿਚੋਂ ਝੋਨਾ ਉਤਾਰ ਰਹੇ ਕਿਸਾਨਾਂ ਵਿਚਾਲੇ ਹੱਥੋਪਾਈ ਹੋ ਗਈ ਸੀ| ਇਸੇ ਦੌਰਾਨ ਕਿਸਾਨਾਂ ਨੇ ਕਥਿਤ ਤੌਰ ਤੇ ਰਾਜੇਸ਼ ਸੂਦ ਅਤੇ ਉਸਦੇ ਪੁੱਤਰ ਸਾਹਿਲ ਸੂਦ ਨਾਲ ਕੁੱਟਮਾਰ ਕੀਤੀ ਅਤੇ ਰਾਜੇਸ਼ ਸੂਦ ਦੀ ਪਤਨੀ ਨਾਲ ਵੀ ਧੱਕਾ ਮੁੱਕੀ ਕੀਤੀ ਗਈ|
ਆੜ੍ਹਤੀ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਰਾਜੇਸ ਸੂਦ ਨੇ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਸੂਦ ਆਪਣੀ ਮਾਂ ਨੂੰ ਰਾਤ 10.30 ਵਜੇ ਸਾਈਂ ਸੰਧਿਆ ਤੋਂ ਵਾਪਸ ਲੈ ਕੇ ਆ ਰਿਹਾ ਸੀ ਜਦੋਂ ਉਹ ਖਰੜ ਦੀ ਅਨਾਜ ਮੰਡੀ ਪਹੁੰਚੇ ਤਾਂ ਉਥੇ ਕੁਝ ਕਿਸਾਨਾਂ ਵਲੋਂ ਮੰਡੀ ਵਿੱਚ ਟਰਾਲੀਆਂ ਲਗਾ ਕੇ ਝੋਨਾ ਉਤਾਰਿਆ ਜਾ ਰਿਹਾ ਸੀ ਜਦੋਂ ਸਾਹਿਲ ਸੂਦ ਨੇ ਕਿਸਾਨਾਂ ਨੂੰ ਟਰਾਲੀਆਂ ਸਾਈਡ ਉਪਰ ਕਰਕੇ ਰਸਤਾ ਦੇਣ ਲਈ ਕਿਹਾ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਪੂਰਾ ਝੋਨਾ ਉਤਾਰਨ ਤੋਂ ਬਾਅਦ ਹੀ ਟਰਾਲੀਆਂ ਨੂੰ ਪਾਸੇ ਕਰਨਗੇ| ਇਸ ਗੱਲ ਨੂੰ ਲੈ ਕੇ ਸਾਹਿਲ ਸੂਦ ਅਤੇ ਕਿਸਾਨਾਂ ਵਿਚਾਲੇ ਬਹਿਸ ਹੋ ਗਈ| ਇਸੇ ਦੌਰਾਨ ਸਾਹਿਲ ਸੂਦ ਨੇ ਫੋਨ ਕਰਕੇ ਆਪਣੇ ਪਿਤਾ ਰਾਜੇਸ਼ ਸੂਦ ਨੂੰ ਬੁਲਾ ਲਿਆ| ਸ੍ਰੀ ਸੂਦ ਨੇ ਦੱਸਿਆ ਕਿ ਉਹਨਾਂ ਨੇ ਵੀ ਕਿਸਾਨਾਂ ਨੂੰ ਟਰਾਲੀਆਂ ਪਾਸੇ ਕਰਕੇ ਰਸਤਾ ਦੇਣ ਲਈ ਕਿਹਾ ਤਾਂ ਉਹਨਾਂ ਦੀ ਕਿਸਾਨਾਂ ਨਾਲ ਬਹਿਸ ਹੋ ਗਈ| ਇਸੇ ਦੌਰਾਨ ਹੀ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ|
ਇਸ ਮੌਕੇ ਕਿਸਾਨ ਸ੍ਰੀ ਬਲਬੀਰ ਸਿੰਘ ਅਤੇ ਸਤਬੀਰ ਸਿੰਘ ਦੀ ਰਾਜੇਸ਼ ਸੂਦ ਅਤੇ ਸਾਹਿਲ ਸੂਦ ਨਾਲ ਲੜਾਈ ਹੋਈ ਜਿਸ ਦੌਰਾਨ ਰਾਜੇਸ਼ ਸੂਦ ਦੀ ਪਤਨੀ ਨੂੰ ਵੀ ਧੱਕੇ ਮਾਰੇ ਗਏ| ਲੜਾਈ ਦੌਰਾਨ ਦੋਵਾਂ ਪਿਓ ਪੁੱਤਰਾਂ ਦੀਆਂ ਅੱਖਾਂ ਉਪਰ ਸੋਜ ਆ ਗਈ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਖਬਰ ਲਿਖੇ ਜਾਣ ਤਕ ਉਹਨਾਂ ਦਾ ਇਲਾਜ ਚਲ ਰਿਹਾ ਸੀ| ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ|
ਇਸੇ ਦੌਰਾਨ ਕਿਸਾਨ ਬਲਬੀਰ ਸਿੰਘ ਅਤੇ ਸਤਬੀਰ ਸਿੰਘ ਨੇ ਦੋਸ਼ ਲਗਾਇਆ ਕਿ ਰਾਜੇਸ਼ ਸੂਦ ਅਤੇ ਉਸਦੇ ਪੁੱਤਰ ਨੇ ਉਹਨਾਂ ਦੇ ਟ੍ਰੈਕਟਰ ਦੀ ਭੰਨਤੋੜ ਵੀ ਕੀਤੀ ਹੈ, ਜਦੋਂ ਕਿ ਰਾਜੇਸ ਸੂਦ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ|
ਇਸ ਦੌਰਾਨ ਅੱਜ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਅਨਾਜ ਮੰਡੀ ਦੇ ਦੋਵੇਂ ਗੇਟਾਂ ਉਪਰ ਟਰਾਲੀਆਂ ਖੜੀਆਂ ਕਰਕੇ ਰਸਤਾ ਬੰਦ ਕਰ ਦਿਤਾ| ਦੂਜੇ ਪਾਸੇ ਅਨਾਜ ਮੰਡੀ ਦੇ ਆੜਤੀਆਂ ਅਤੇ ਵਪਾਰੀਆਂ ਨੇ ਵੀ ਆਪਣੇ ਪ੍ਰਧਾਨ ਰਾਜੇਸ ਸੂਦ ਦੇ ਹੱਕ ਵਿਚ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ| ਖਬਰ ਲਿਖੇ ਜਾਣ ਤਕ ਅਨਾਜ ਮੰਡੀ ਵਿਚ ਤਨਾਓ ਵਾਲਾ ਮਾਹੌਲ ਸੀ|