September 5, 2024
#ਭਾਰਤ

ਕਸ਼ਮੀਰੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਨਹੀਂ ਹੋ ਰਹੀ ਹੈ : ਮਹਿਬੂਬਾ ਮੁਫਤੀ

ਜੰਮੂ-ਕਸ਼ਮੀਰ ਵਿਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਕੇਂਦਰ ਸਰਕਾਰ ਦੀ ਐਡਵਾਇਜ਼ਰੀ ਤੋਂ ਬਾਅਦ ਅਮਰਨਾਥ ਯਾਤਰੀ ਅਤੇ ਸੈਲਾਨੀ ਘਾਟੀ ਛੱਡ ਕੇ ਵਾਪਸ ਪਰਤ ਰਹੇ ਹਨ। ਇਸ ਦਰਮਿਆਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ ਨੇ ਕਸ਼ਮੀਰ ਦੇ ਹਾਲਾਤ ‘ਤੇ ਚਿੰਤਾ ਜ਼ਾਹਰ ਕੀਤੀ ਹੈ।ਮਹਿਬੂਬਾ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, ”ਯਾਤਰੀਆਂ, ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਕ੍ਰਿਕਟਰਾਂ ਨੂੰ ਕਸ਼ਮੀਰ ਤੋਂ ਜਾਣ ਨੂੰ ਕਿਹਾ ਗਿਆ ਹੈ। ਘਬਰਾਹਟ ਅਤੇ ਸੰਕਟ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਪਰ ਕਸ਼ਮੀਰੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਕਿੱਥੇ ਗਈ ਇਨਸਾਨੀਅਤ, ਕਸ਼ਮੀਰੀਅਤ ਅਤੇ ਜਮਹੂਰੀਅਤ?” ਮਹਿਬੂਬਾ ਮੁਫਤੀ ਹੋਟਲ ਵਿਚ ਜੰਮੂ-ਕਸ਼ਮੀਰ ਦੀ ਖੇਤਰੀ ਪਾਰਟੀਆਂ ਨਾਲ ਬੈਠਕ ਕਰਨ ਵਾਲੀ ਸੀ ਪਰ ਸੂਬਾ ਪੁਲਸ ਨੇ ਸਾਰੇ ਹੋਟਲਾਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਸਿਆਸੀ ਬੈਠਕਾਂ ਰੱਦ ਕਰਨ ਲਈ ਕਿਹਾ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਧਾਰਾ-370 ਅਤੇ ਧਾਰਾ-35ਏ ਨਾਲ ਛੇੜਛਾੜ ਕਰਨ ਦੇ ਨਤੀਜੇ ਬਹੁਤ ਖਤਰਨਾਕ ਹੋਣਗੇ। ਲੋਕ ਘਬਰਾਏ ਹੋਏ ਹਨ ਪਰ ਸਰਕਾਰ ਗੱਲ ਕਰਨਾ ਨਹੀਂ ਚਾਹੁੰਦੀ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਸਰਕਾਰ ਵਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ।