December 8, 2024
#ਦੇਸ਼ ਦੁਨੀਆਂ

ਚੀਨ ਵਿੱਚ ਹੜ੍ਹ ਕਾਰਨ 6 ਵਿਅਕਤੀਆਂ ਦੀ ਮੌਤ ਤੇ ਕਈ ਲਾਪਤਾ

ਚੀਨ ਦੇ ਲੋਕਲ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇੱਥੋਂ ਦੇ ਹੁਬੇਈ ਸੂਬੇ ਵਿੱਚ ਭਾਰੀ ਮੀਂਹ ਅਤੇ ਹੜ੍ਹ ਨੇ ਕਹਿਰ ਮਚਾ ਦਿੱਤਾ ਹੈ| ਇਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ ਲਗਭਗ 6 ਵਿਅਕਤੀ ਲਾਪਤਾ ਹਨ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ| ਅੱਜ ਤੜਕੇ 4 ਵਜੇ ਭਾਰੀ ਮੀਂਹ ਪਿਆ ਜਿਸ ਕਾਰਨ ਯੁੰਗਯਾਂਗ ਜ਼ਿਲੇ ਵਿੱਚ ਹੜ੍ਹ ਆ ਗਿਆ| ਭਾਰੀ ਮੀਂਹ ਕਾਰਨ ਕਈ ਸੜਕਾਂ ਟੁੱਟ ਗਈਆਂ ਤੇ ਸ਼ਹਿਰਾਂ ਨਾਲੋਂ ਇਨ੍ਹਾਂ ਦਾ ਸੰਪਰਕ ਟੁੱਟ ਗਿਆ| ਕਈ ਥਾਵਾਂ ਤੇ ਬਿਜਲੀ ਗੁੱਲ ਰਹੀ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ| ਫਿਲਹਾਲ ਰੈਸਕਿਊ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ| ਸੂਬਾ ਸਰਕਾਰ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ| ਜਿਨ੍ਹਾਂ ਲੋਕਾਂ ਦੇ ਘਰ ਖਤਰੇ ਨੇੜੇ ਹਨ, ਉਨ੍ਹਾਂ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ| ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਥੇ ਤੂਫਾਨ ਆਇਆ ਸੀ ਤੇ ਸੜਕਾਂ ਤੇ ਕਈ ਮੱਛੀਆਂ ਆ ਗਈਆਂ ਸਨ, ਜਿਨ੍ਹਾਂ ਨੂੰ ਸਥਾਨਕ ਲੋਕ ਇਕੱਠੇ ਕਰ ਰਹੇ ਸਨ| ਲੋਕਾਂ ਵਲੋਂ ਰੈਸਕਿਊ ਕਿਸ਼ਤੀਆਂ ਰਾਹੀਂ ਮੱਛੀਆਂ ਇਕੱਠੀਆਂ ਕਰਕੇ ਲੈ ਜਾਣ ਦੀ ਵੀਡੀਓ ਕਾਫੀ ਚਰਚਾ ਵਿੱਚ ਰਹੀ ਸੀ|