February 12, 2025
#ਦੇਸ਼ ਦੁਨੀਆਂ

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ।ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਚੀਨੀ ਹਮਰੁਤਰਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੇਈਚਿੰਗ ਕਸ਼ਮੀਰ ਵਿੱਚ ਪੈਦਾ ਮੌਜੂਦਾ ਤਣਾਅ ਤੋਂ ਬਹੁਤ ਚਿੰਤਤ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਜੋ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹਣ ਦੇ ਮੁੱਦੇ ’ਤੇ ਚਰਚਾ ਲਈ ਸ਼ੁੱਕਰਵਾਰ ਨੂੰ ਚੀਨ ਪੁੱਜੇ ਸਨ ਨੇ ਪੇਈਚਿੰਗ ਨੂੰ ਆਪਣੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਤੋਂ ਜਾਣੂ ਕਰਾਇਆ ਸੀ।ਵਾਂਗ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ,‘‘ ਕਸ਼ਮੀਰ ਦਾ ਮੁੱਦਾ ਬਸਤੀਵਾਦੀ ਸਮੇਂ ਤੋਂ ਚਲਾ ਆ ਰਿਹਾ ਹੈ। ਇਸ ਨੂੰ ਸੰਯੁਕਤ ਰਾਸ਼ਟਰ ਚਾਟਰ ਤਹਿਤ ਸੰਯੁਕਤ ਰਾਸ਼ਟਰ ਕੌਂਸਲ ਦੇ ਮਤਿਆਂ ਅਤੇ ਦੁਵੱਲੇ ਸਮਝੌਤਿਆਂ ਅਨੁਸਾਰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।