February 12, 2025
#ਪੰਜਾਬ

ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਲਈ 4 ਕਰੋੜ ਜਾਰੀ

ਬਠਿੰਡਾ – ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਇੱਥੋ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਸੁਧਾਰ ਲਈ 18 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਉਪਰੰਤ ਹੁਣ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਲਾਕਾ ਨਿਵਾਸੀਆਂ ਦੀ ਚੰਗੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਬਠਿੰਡਾ ਨੂੰ ਲਗਭਗ 4 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰਨ ਦਾ ਐਲਾਨ ਕੀਤਾ। ਪ੍ਰੈਸ ਦੇ ਨਾਲ ਗਲਬਾਤ ਦੌਰਾਨ ਖ਼ਜ਼ਾਨਾ ਮੰਤਰੀ ਨੇ ਫਿਰ ਦੋਹਰਾਇਆ ਕਿ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਹਾ ਕਿ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣਾ ਉਨ੍ਹਾਂ ਦਾ ਮੁੱਖ ਏਜੰਡਾ ਹੈ। ਸ਼੍ਰੀ ਬਾਦਲ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਸਤੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਨਵੀਨੀਕਰਨ ਦੇ ਇਸ ਕੰਮ ਨੂੰ ਲਗਭਗ 6 ਤੋਂ 9 ਮਹੀਨਿਆਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸੁਧਾਰ ਲਿਆਉਣਾ ਹੈ। ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਲਈ ਟੈਂਡਰ 19 ਅਗਸਤ ਨੂੰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਕੰਮ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕੀਤਾ ਜਾਵੇਗਾ। ਜਾਰੀ ਗ੍ਰਾਂਟ ਅਨੁਸਾਰ ਜ਼ਿਲ੍ਹੇ ਦੇ ਹਸਪਤਾਲ ਵਿਖੇ ਬਨਣ ਵਾਲੇ ਨਵੇਂ ਮੁਰਦਾ ਸੰਭਾਲ ਘਰ ਦੀ ਇਮਾਰਤ ਲਈ 45.20 ਲੱਖ, ਓ.ਪੀ.ਡੀ. ਬਲਾਕ ਵਿਖੇ ਲਿਫ਼ਟ ਲਗਾਉਣ ਤੇ ਇਸ ਦੇ ਪੁਨਰ ਨਿਰਮਾਣ ਲਈ 49.35 ਲੱਖ, ਕੈਂਪਸ ਵਿਖੇ ਸਥਿਤ ਸੜਕਾਂ ਦੀ ਰਿਪੇਅਰ ਲਈ 57.37 ਲੱਖ, ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਖੇ ਓ.ਟੀ. ਬਲਾਕ ‘ਚ ਵਾਧਾ ਕਰਨ ਤੇ ਇਸ ਦੇ ਪੁਨਰ ਨਿਰਮਾਣ ਲਈ 119.22 ਲੱਖ, ਮਦਰ ਐਂਡ ਚਾਈਲਡ ਹੈਲਥ ਕੇਅਰ (ਐਮ.ਸੀ.ਐਚ.) ਦੀ ਇਮਾਰਤ ਦੇ ਪੁਨਰ ਨਿਰਮਾਣ ਲਈ 71.73 ਲੱਖ ਰੁਪਏ ਅਤੇ ਐਮਰਜੈਂਸੀ ਬਲਾਕ ਲਈ 56.76 ਲੱਖ ਰੁਪਏ ਖ਼ਰਚ ਕੀਤੇ ਜਾਣਗੇ।