ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰਾਂ ਖਿਲਾਫ ਸਖਤ ਕਾਨੂੰਨ ਜਲਦ: ਚੰਨੀ
ਲੋਕ ਗਾਇਕ ਪੰਮੀ ਬਾਈ ਵਲੋਂ ਸਭਿਆਚਰ ਅਤੇ ਸੈਰ ਸਪਾਟਾ ਮੰਤਰੀ ਚੰਨੀ ਨਾਲ ਮੁਲਾਕਾਤ ਕਰਕੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਖਿਲਾਫ ਲੋਕ ਲਹਿਰ ਖੜੀ ਕਰਨ ਦਾ ਸੱਦਾ
ਚੰਡੀਗੜ – ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਮਾਂ ਅਤੇ ਗੀਤਾਂ ਰਾਹੀਂ ਪਾਬੰਦੀਸ਼ੁਦਾ ਨਸ਼ਿਆਂ ਨੂੰ ਉਤਸ਼ਾਹਿਤ ਨਾ ਕਰਨ। ਪੰਜਾਬ ਸਰਕਾਰ ਇਸ ਨੂੰ ਠੱਲ ਪਾਉਣ ਲਈ ਜਲਦ ਹੀ ਸਖਤ ਕਾਨੂੰਨ ਵੀ ਲੈ ਕੇ ਆ ਰਹੀ ਹੈ। ਅੱਜ ਉੱਘੇ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਵਿਸੇਸ਼ ਤੌਰ ‘ਤੇ ਸਭਿਆਚਾਰਕ ਮਾਮਲਿਆਂ ਮੰਤਰੀ ਨਾਲ ਇਸ ਗੰਭੀਰ ਮਾਮਲੇ ਨੂੰ ਵਿਚਾਰਨ ਲਈ ਮੁਲਾਕਾਤ ਕਰਨ ਪਹੁੰਚੇ, ਜਿੰਨਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ।ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚੰਨੀ ਨੇ ਇਸ ਮੌਕੇ ਨਸ਼ਿਆਂ ਦੀ ਦਲਦਲ ਵਿਚ ਧਸੀ ਪੰਜਾਬ ਦੀ ਨੌਜਵਾਨ ਪੀੜੀ ਬਾਰੇ ਚਿੰਤਾ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਪੰਜਾਬੀ ਕਲਾਕਾਰਾਂ ਨੇ ਫਿਲਮਾਂ ਅਤੇ ਗੀਤਾਂ ਰਾਹੀਂ ਬਹੁਤ ਉਤਸ਼ਾਹਿਤ ਕੀਤਾ ਹੈ। ਉਨਾਂ ਕਿਹਾ ਕਿ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਨੌਜਵਾਨ ਪੀੜੀ ਜੋ ਇੰਨਾਂ ਕਲਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ, ਇੰਨਾਂ ਦੇ ਗੀਤ ਅਤੇ ਫਿਲਮਾਂ ਦੇਖ ਕੇ ਨਸ਼ਿਆਂ ਵੱਲ ਬਹੁਤ ਜਲਦ ਅਕ੍ਰਸ਼ਿਤ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਸ ਲਈ ਇਹ ਹੋਰ ਵੀ ਜਰੂਰੀ ਹੈ ਕਿ ਪੰਜਾਬੀ ਕਲਾਕਾਰ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਕੰਮਾ ਵੱਲ ਉਤਸ਼ਾਹਿਤ ਨਾ ਕਰਨ।ਸ. ਚੰਨੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਸਭਿਆਚਾਰ ਦੀ ਅਸਲ ਵਧੀਆ ਤਸਵੀਰ ਦੁਨੀਆਂ ਭਰ ਦੇ ਲੋਕਾਂ ਅੱਗੇ ਪੇਸ਼ ਕਰਨ, ਜਿਸ ਨਾਲ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਹੋਰ ਉਭਰੇਗਾ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕਲਾਕਾਰ ਫਿਲਮਾਂ ਅਤੇ ਗੀਤਾਂ ਰਾਹੀਂ ਪੰਜਾਬ ਦੀ ਚੰਗੀ ਤਸਵੀਰ ਪੇਸ਼ ਕਰਨਗੇ ਇਸ ਨਾਲ ਸੈਰ ਸਪਾਟਾ ਵੀ ਉਤਸ਼ਾਹਿਤ ਹੋਵੇਗਾ।ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ਪੰਜਾਬੀ ਗਾਇਕੀ ਰਾਹੀਂ ਫੈਲਾਏ ਜਾ ਰਹੇ ਸਭਿਆਚਾਰ ਨੂੰ ਦੂਰ ਕਰਨ ਲਈ ਸਖਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨਾਂ ਇਹ ਵੀ ਕਿਹਾ ਜੇਕਰ ਪੰਜਾਬ ਸਰਕਾਰ ਪੰਜਾਬੀ ਗੀਤਾਂ ਅਤੇ ਫਿਲਮਾਂ ਰਾਹੀਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਖਿਲਾਫ ਸਖਤ ਕਦਮ ਉਠਾਉਂਦੀ ਹੈ ਤਾਂ ਉਸ ਦੀ ਉਹ ਪੂਰਨ ਹਮਾਇਤ ਕਰਦੇ ਹਨ। ਇਸ ਮੌਕੇ ਪੰਮੀ ਬਾਈ ਨੇ ਪੰਜਾਬੀ ਸਭਿਆਚਾਰ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਖਿਲਾਫ ਲੋਕ ਲਹਿਰ ਖੜੀ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲੇ ਕਲਾਕਾਰਾਂ ਦਾ ਸਮਜਿਕ ਬਾਈਕਾਟ ਕੀਤਾ ਜਾਵੇ।