ਅੰਜਲੀ ਨੇ ਵਾਪਸੀ ਕਰਦਿਆਂ 400 ਮੀਟਰ ਦੌੜ ਵਿੱਚ ਸੋਨਾ ਤਗ਼ਮਾ ਜਿੱਤਿਆ
ਹਰਿਆਣਾ ਦੀ ਅੰਜਲੀ ਦੇਵੀ ਨੇ ਸੱਟ ਤੋਂ ਬਾਅਦ ਮੁਕਾਬਲਾ ਦੌੜ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਅੱਜ ਇੱਥੇ 59ਵੀਂ ਕੌਮੀ ਅੰਤਰਰਾਜੀ ਅਥਲੈਟਿਕ ਚੈਂਪੀਅਨਸ਼ਿਪ ਦੀ ਮਹਿਲਾ 400 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ।ਅੰਜਲੀ ਨੇ 51.53 ਸਕਿੰਟ ਦੇ ਨਿੱਜੀ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਗੁਜਰਾਤ ਦੀ ਸਰਿਤਾਬੇਨ ਗਾਇਕਵਾੜ (52.96 ਸਕਿੰਟ) ਅਤੇ ਕੇਰਲ ਦੀ ਜਿਸਨਾ ਮੈਥਿਊ (53.08 ਸਕਿੰਟ) ਨੂੰ ਪਛਾੜਿਆ। 20 ਸਾਲ ਅੰਜਲੀ ਪਿਛਲੇ ਸਾਲ ਸਤੰਬਰ ਵਿਚ ਭੁਬਨੇਸ਼ਵਰ ’ਚ ਕੌਮੀ ਓਪਨ ਅਥਲੈਟਿਕਸ ’ਚ 51.79 ਸਕਿੰਟ ਦੀ ਕੋਸ਼ਿਸ਼ ਦੇ ਨਾਲ ਪਹਿਲਾਂ ਹੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੀ ਹੈ। ਕੁਅਲੀਫਾਇੰਗ ਪੱਧਰ 51.80 ਸਕਿੰਟ ਹੈ। ਅੰਜਲੀ ਇਸ ਮੁਕਾਬਲੇ ’ਚ ਹੁਣ ਤੱਕ ਕੁਆਲੀਫਾਇੰਗ ਪੱਧਰ ਹਾਸਲ ਕਰਨ ਵਾਲੀ ਇੱਕਮਾਤਰ ਭਾਰਤੀ ਹੈ।ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਅੰਜਲੀ ਨੇ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਕਿਹਾ, ‘‘ਫੈਡਰੇਸ਼ਨ ਕੱਪ (ਮਾਰਚ ’ਚ) ਦੇ ਬਾਅਦ ਤੋਂ ਮੁਕਾਬਲਾ ਦੌੜ ’ਚ ਹਿੱਸਾ ਨਾ ਲੈਣ ਕਾਰਨ ਮੈਨੂੰ ਪਤਾ ਸੀ ਕਿ ਫਾਈਨਲ ’ਚ ਮੈਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।’’ ਚਾਰ ਰੋਜ਼ਾ ਮੁਕਾਬਲੇ ਦੇ ਤੀਜੇ ਦਿਨ ਕੌਮੀ ਡੋਪਿੰਗ ਵਿਰੋਧੀ ਏਜੰਸੀ ਦੇ ਅਧਿਕਾਰੀ ਖਿਡਾਰੀਆਂ ਦੇ ਡੋਪ ਦੇ ਨਮੂਨੇ ਇਕੱਤਰ ਕਰਨ ਲਈ ਪਹੁੰਚੇ। ਪਹਿਲੇ ਦੋ ਦਿਨ ਇਨ੍ਹਾਂ ਦੀ ਗੈਰ ਮੌਜੂਦਗੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕੌਮੀ ਡੋਪਿੰਗ ਵਿਰੋਧੀ ਏਜੰਸ ਸ਼ਾਇਦ ਚੈਂਪੀਅਨਸ਼ਿਪ ਦੌਰਾਨ ਨਮੂਨੇ ਲੈਣ ਲਈ ਕਿਸੇ ਨੂੰ ਨਾ ਭੇਜੇ।ਮੈਰਾਥਨ ਮਾਹਿਰ ਕੇਰਲ ਦੇ ਗੋਪੀ ਥੋਨਾਕਲ ਨੇ 30 ਮਿੰਟ 52.75 ਸਕਿੰਟ ਦੇ ਸਮੇਂ ਦੇ ਨਾਲ ਉੱਤਰ ਪ੍ਰਦੇਸ਼ ਦੇ ਅਰਜੁਨ ਕੁਮਾਰ ਤੇ ਗੋਆ ਦੇ ਵਿਕਰਮ ਬੰਗਰੀਆ ਨੂੰ ਹਰ ਕੇ 10 ਹਜ਼ਾਰ ਮੀਟਰ ਦੀ ਦੌੜ ਜਿੱਤੀ। ਐਲ ਸੂਰਿਆ ਅਤੇ ਪੰਜ ਹਜ਼ਾਰ ਮੀਟਰ ਦੀ ਜੇਤੂ ਪਾਰੁਲ ਚੌਧਰੀ ਦੀ ਗੈਰ ਮੌਜੂਦਗੀ ’ਚ ਉੱਤਰ ਪ੍ਰਦੇਸ਼ ਦੀ ਫੂਲਨ ਪਾਲ ਨੇ ਮਹਿਲਾ 10 ਹਜ਼ਾਰ ਮੀਟਰ ਦੌੜ ਜਿੱਤੀ। ਉੱਚੀ ਛਾਲ ਵਿੱਚ ਮਹਾਰਾਸ਼ਟਰ ਦੇ ਸਰਵੇਸ਼ ਕੁਸ਼ਾਰੇ ਨੇ 2.23 ਮੀਟਰ ਦੇ ਨਾਲ ਸੋਨ ਤਗ਼ਮਾ ਜਿੱਤਿਆ। ਉਸ ਨੇ ਕੇਰਲੇ ਦੇ ਜੀਓ ਜੋਸ (2.21 ਮੀਟਰ) ਅਤੇ ਕਰਨਾਟਕ ਦੇ ਬੀ ਚੇਤਨ (2.91 ਮੀਟਰ) ਨੂੰ ਪਛਾੜਿਆ।