ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਵਿਸ਼ਵ ਚੈਂਪੀਅਨਸ਼ਿਪ ਦਾ ਦੂਜਾ ਮੈਚ ਅੱਜ ਤੋਂ
ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਦੂਜੇ ਮੈਚ ਵਿੱਚ ‘ਕਲੀਨ ਸਵੀਪ’ ਦੇ ਇਰਾਦੇ ਨਾਲ ਉਤਰੇਗੀ ਜਦੋਂਕਿ ਨੌਜਵਾਨ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਟੀਮ ਪ੍ਰਬੰਧਨ ਦੇ ਭਰੋਸੇ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ।ਪਹਿਲਾ ਟੈਸਟ ਮੈਚ 318 ਦੌੜਾਂ ਨਾਲ ਜਿੱਤ ਚੁੱਕੀ ਭਾਰਤੀ ਟੀਮ ਸਬੀਨਾ ਪਾਰਕ ਵਿੱਚ ਦੂਜੇ ਮੈਚ ’ਚ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਤਰੇਗੀ। ਦੂਜੇ ਪਾਸੇ ਮੇਜ਼ਬਾਨ ਟੀਮ ਪੰਜ ਰੋਜ਼ਾ ਮੁਕਾਬਲੇ ’ਚ ਖਰੀ ਨਹੀਂ ਉਤਰ ਸਕੀ ਹੈ। ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਨ ਨੇ ਕਿਹਾ, ‘‘ਇੱਥੇ ਹਾਲਾਤ ਚੰਗੇ ਹਨ ਅਤੇ ਪਿੱਚ ਵੀ ਵਧੀਆ ਲੱਗੀ ਰਹੀ ਹੈ। ਸਾਨੂੰ ਇਕ ਹੋਰ ਚੰਗੇ ਪ੍ਰਦਰਸ਼ਨ ਦੀ ਆਸ ਹੈ।’’ ਪਹਿਲੇ ਮੈਚ ਵਿੱਚ ਜਸਪ੍ਰੀਤ ਬੁਮਰਾਹ ਨੇ ਛੇ ਅਤੇ ਇਸ਼ਾਂਤ ਸ਼ਰਮਾ ਨੇ ਅੱਠ ਵਿਕਟਾਂ ਲੈ ਕੇ ਵੈਸਟ ਇੰਡੀਜ਼ ਦੀਆਂ ਕਮਜ਼ੋਰੀਆਂ ਜੱਗ ਜ਼ਾਹਿਰ ਕਰ ਦਿੱਤੀਆਂ। ਉਨ੍ਹਾਂ ਦਾ ਇਰਾਦਾ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦਾ ਹੋਵੇਗਾ। ਐਨੀ ਵੱਡੀ ਜਿੱਤ ਤੋਂ ਬਾਅਦ ਭਾਰਤ ਆਖ਼ਰੀ ਗਿਆਰਾਂ ’ਚ ਬਦਲਾਅ ਸ਼ਾਇਦ ਹੀ ਕਰੇ, ਹਾਲਾਂਕਿ ਪੰਤ ਦੀ ਫਾਰਮ ਚਿੰਤਾ ਦਾ ਸਬੱਬ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦਾ ਵਾਰਿਸ ਮੰਨਿਆ ਜਾ ਰਿਹਾ ਹੈ ਪਰ ਉਸ ਦੇ ਆਊਟ ਹੋਣ ਦੇ ਤਰੀਕੇ ਨਾਲ ਇਹ ਚਿੰਤਾ ਪੈਦਾ ਹੋਈ ਹੈ। ਇਸ ਦੌਰੇ ’ਤੇ ਉਸ ਨੇ 0, 4, ਨਾਬਾਦ 65, 20, 0, 24 ਅਤੇ ਸੱਤ ਦੌੜਾਂ ਬਣਾਈਆਂ ਹਨ।ਰਿੱਧੀਮਾਨ ਸਾਹਾ ਦੇ ਡਰੈਸਿੰਗ ਰੂਮ ਵਿੱਚ ਪਰਤਣ ਨਾਲ ਹੁਣ ਪੰਤ ਮੌਕੇ ਨੂੰ ਹਲਕੇ ਵਿੱਚ ਨਹੀਂ ਲੈ ਸਕਦਾ। ਪਹਿਲੇ ਟੈਸਟ ਦੀ ਦੂਜੀ ਪਾਰੀ ’ਚ ਉਸ ਕੋਲ ਬਿਨਾ ਕਿਸੇ ਦਬਾਅ ਤੋਂ ਖੁੱਲ੍ਹ ਕੇ ਖੇਡਣ ਦਾ ਮੌਕਾ ਸੀ ਪਰ ਉਹ ਖ਼ਰਾਬ ਸ਼ਾਟ ਖੇਡ ਕੇ ਆਊਟ ਹੋ ਗਿਆ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਵੀ ਪਹਿਲੇ ਟੈਸਟ ’ਚ ਫਾਰਮ ’ਚ ਨਹੀਂ ਸੀ ਪਰ ਉਸ ਨੂੰ ਇਕ ਹੋਰ ਮੌਕਾ ਮਿਲਣ ਦੀ ਆਸ ਹੈ।