December 4, 2024
#ਦੇਸ਼ ਦੁਨੀਆਂ

ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰੈਲੀ ਰੱਦ

ਇਥੋਂ ਦੇ ਲੋਕਤੰਤਰ ਦੇ ਮੁੱਦਈ ਕਾਰਕੁਨਾਂ ਵਲੋਂ ਭਲਕੇ ਦੀ ਰੈਲੀ ਰੱਦ ਕਰਨ ਦੇ ਐਲਾਨ ਤੋਂ ਬਾਅਦ ਪੁਲੀਸ ਨੇ ਵੱਡੀ ਗਿਣਤੀ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਪਿਛਲੇ ਤਿੰਨ ਮਹੀਨਿਆਂ ਤੋਂ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਕਈ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ।ਇਨ੍ਹਾਂ ਕਾਰਕੁਨਾਂ ਨੇ ਸ਼ਨਿਚਰਵਾਰ ਨੂੰ ਵੱਡੀ ਰੈਲੀ ਕਰਨੀ ਸੀ ਪਰ ਪੁਲੀਸ ਵਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੈਲੀ ਨਾ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਰੈਲੀ ਰੱਦ ਕਰ ਦਿੱਤੀ।ਪੁਲੀਸ ਨੇ ਆਮ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਲੋਕਤੰਤਰ ਦੇ ਮੁੱਦਈ ਜੋਸ਼ੁਆ ਵੌਂਗ ਤੇ ਐਗਨਿਸ ਚੋ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਚੀਨ ਦੇ ਕਹਿਣ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਸਥਾਨਕ ਆਗੂ ਐਂਡੀ ਚੈਨ ਨੂੰ ਹਾਂਗਕਾਂਗ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।