January 18, 2025
#ਖੇਡਾਂ

ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਿਫ਼ਾਇਤੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਬੱਲੇਬਾਜ਼ੀ ਦੀਆਂ ਧੱਜੀਆਂ ਉਡਾਉਣ ਵਾਲੇ ਜਸਪ੍ਰੀਤ ਬੁਮਰਾਹ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕਿਹਾ ਕਿ ਇਹ ਹੈਟ੍ਰਿਕ ਉਸ ਦੀ ਬਦੌਲਤ ਮਿਲੀ ਹੈ। ਜਦੋਂ ਬੁਮਰਾਹ ਨੇ ਵੈਸਟ ਇੰਡੀਜ਼ ਦੇ ਲਗਾਤਾਰ ਤੀਜੇ ਬੱਲੇਬਾਜ਼ ਨੂੰ ਆਊਟ ਕੀਤਾ ਤਾਂ ਕੋਹਲੀ ਕਹਿ ਰਿਹਾ ਸੀ, ‘‘ਕਿੰਨਾ ਵਧੀਆ ਗੇਂਦਬਾਜ਼ ਹੈ ਇਹ! ਕਿੰਨਾ ਵਧੀਆ ਗੇਂਦਬਾਜ਼ ਹੈ।’’ਬੁਮਰਾਹ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਵਿੱਚ ਹੈਟ੍ਰਿਕ ਸਣੇ ਛੇ ਵਿਕਟਾਂ ਲਈਆਂ ਹਨ। ਉਸ ਦੀ ਹੈਟ੍ਰਿਕ ਦਾ ਸਿਹਰਾ ਕਪਤਾਨ ਕੋਹਲੀ ਨੂੰ ਵੀ ਜਾਂਦਾ ਹੈ, ਜਿਸ ਨੇ ਰੋਸਟਨ ਚੇਜ਼ ਵੱਲੋਂ ਖੇਡੀ ਗੇਂਦ ਦਾ ਰੀਵਿਊ ਲਿਆ। ਪਹਿਲੇ ਮੈਦਾਨੀ ਅੰਪਾਇਰ ਪੌਲ ਰੀਫੇਲ ਨੇ ਚੇਜ਼ ਨੂੰ ਨਾਟ ਆਊਟ ਕਰਾਰ ਦਿੱਤਾ ਸੀ, ਪਰ ਰੀਵਿਊ ਰਾਹੀਂ ਉਸ ਨੂੰ ਆਊਟ ਕਰਾਰ ਦਿੱਤਾ ਗਿਆ ਅਤੇ ਬੁਮਰਾਹ ਦਾ ਤੀਜਾ ਸ਼ਿਕਾਰ ਬਣਿਆ।‘ਬੀਸੀਸੀਆਈ ਟੀਵੀ’ ’ਤੇ ਕੋਹਲੀ ਨੂੰ ਇੰਟਰਵਿਊ ਦਿੰਦਿਆਂ ਬੁਮਰਾਹ ਨੇ ਕਿਹਾ, ‘‘ਸੱਚ ਕਹਾਂ ਤਾਂ ਮੈਨੂੰ ਨਹੀਂ ਪਤਾ ਸੀ। ਮੈਨੂੰ ਇਸ ਅਪੀਲ ਬਾਰੇ ਯਕੀਨ ਨਹੀਂ ਸੀ। ਮੈਨੂੰ ਲੱਗਿਆ ਕਿ ਇਹ ਬੱਲਾ ਸੀ, ਇਸ ਲਈ ਮੈਂ ਜ਼ਿਆਦਾ ਅਪੀਲ ਨਹੀਂ ਕੀਤੀ ਸੀ, ਪਰ ਅਖ਼ੀਰ ਵਿੱਚ ਇਹ ਚੰਗਾ ਰੀਵਿਊ ਸਾਬਤ ਹੋਇਆ। ਇਸ ਲਈ ਮੇਰਾ ਖ਼ਿਆਲ ਹੈ ਕਿ ਮੈਨੂੰ ਇਹ ਹੈਟ੍ਰਿਕ ਕਪਤਾਨ ਦੀ ਬਦੌਲਤ ਮਿਲੀ।