January 22, 2025
#ਪ੍ਰਮੁੱਖ ਖ਼ਬਰਾਂ #ਭਾਰਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਕੌਮੀ ਤੇ ਸੂਬਾਈ ਸੁਰੱਖਿਆ ਦੇ ਮੁੱਦੇ ਵਿਚਾਰੇ

ਐਸ.ਵਾਈ.ਐਲ. ਦੇ ਸੁਖਾਵੇਂ ਹੱਲ ਲਈ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਹਰਿਆਣਾ ਦੇ ਮੁੱਖ ਸਕੱਤਰ ਨਾਲ ਰਾਬਤਾ ਕਾਇਮ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਕੌਮੀ ਤੇ ਸੂਬਾਈ ਸੁਰੱਖਿਆ ਦੇ ਮਾਮਲਿਆਂ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ਉਨਾਂ ਗ੍ਰਹਿ ਮੰਤਰੀ ਕੋਲ ਇਹ ਵੀ ਅਪੀਲ ਕੀਤੀ ਕਿ ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਕੇਂਦਰ ਸਰਕਾਰ ਉਥੋਂ ਦੀ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਏ।ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਿੱਖ ਕੁੜੀ ਦਾ ਮਾਮਲਾ ਪਾਕਿਸਤਾਨੀ ਅਧਿਕਾਰੀਆਂ ਨਾਲ ਉਚ ਪੱਧਰ ’ਤੇ ਉਠਾਉਣਾ ਚਾਹੀਦਾ ਹੈ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਜਨਤਕ ਤੌਰ ’ਤੇ ਬਿਆਨ ਜਾਰੀ ਕਰ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੂੰ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਮੁੱਦਾ ਉਠਾਉਣ ਦੀ ਮੰਗ ਕਰ ਚੁੱਕੇ ਹਨ।ਪਾਕਿਸਤਾਨ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਬਾਰੇ ਮੀਡੀਆ ਕਰਮੀਆਂ ਵੱਲੋਂ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਨਕਾਣਾ ਸਾਹਿਬ ਸ਼ਹਿਰ ਵਿੱਚ ਗ੍ਰੰਥੀ ਸਿੰਘ ਦੀ ਬੇਟੀ ਨੂੰ ਅਗਵਾ ਕਰ ਕੇ ਜਬਰੀ ਇਸਲਾਮ ਬਣਾਉਣ ਦੀ ਇਸ ਘਟਨਾ ਤੋਂ ਇਲਾਵਾ ਹੋਰ ਕੋਈ ਅਜਿਹਾ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਆਇਆ।ਸਤਲੁਜ ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਦੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਦਿੱਤੇ ਚਾਰ ਮਹੀਨੇ ਦੇ ਸਮੇਂ ਬਾਰੇ ਪੁੱਛੇ ਜਾਣ ’ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪਹਿਲਾ ਹੀ ਦੋਵਾਂ ਸੂਬਿਆਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਗੱਲਬਾਤ ਰਾਹੀਂ ਸੁਖਾਵਾਂ ਹੱਲ ਕੱਢਣ ਲਈ ਆਪਣੇ ਅਧਿਕਾਰੀ ਨਾਮਜ਼ਦ ਕਰਨ ਨੂੰ ਕਿਹਾ ਗਿਆ ਸੀ। ਉਨਾਂ ਕਿਹਾ ਕਿ ਇਸ ਮਾਮਲੇ ਦੇ ਵਧੀਆ ਸੰਭਵ ਹੱਲ ਲਈ ਪੰਜਾਬ ਦੇ ਮੁੱਖ ਸਕੱਤਰ ਪਹਿਲਾਂ ਹੀ ਹਰਿਆਣਾ ਦੇ ਮੁੱਖ ਸਕੱਤਰ ਨਾਲ ਰਾਬਤਾ ਕਾਇਮ ਰੱਖ ਰਹੇ ਹਨ।ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਨਾਂ ਨੂੰ ਲਾਂਘੇ ਦੇ ਚੱਲ ਰਹੇ ਕੰਮ ਉਤੇ ਤਸੱਲੀ ਹੈ ਜਿਹੜਾ ਆਪਣੇ ਤੈਅ ਸਮੇਂ ’ਤੇ ਖੁੱਲ ਜਾਵੇਗਾ। ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਮੁਲਾਕਾਤ ਵੀ ਹੋਣ ਜਾ ਰਹੀ ਹੈ।