ਜਲ ਸ਼ਕਤੀ ਅਭਿਆਨ ਵਿੱਚ ਜ਼ਿਲਾ ਸੰਗਰੂਰ ਭਾਰਤ ’ਚ 10ਵੇਂ ਅਤੇ ਪੰਜਾਬ ਅੰਦਰ
ਪਾਣੀ ਦੀ ਸੰਜ਼ਮ ਨਾਲ ਵਰਤੋਂ ਕਰਨ ਲਈ ਲਗਾਏ ਜਾ ਰਹੇ ਜਾਗਰੂਕਤਾ ਕੈਂਪ
ਚੰਡੀਗੜ – ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੰੂ ਉੱਚਾ ਚੁੱਕਣ ਲਈ ਜ਼ਿਲਾ ਸੰਗਰੂਰ ਅੰਦਰ ਜਲ ਸ਼ਕਤੀ ਅਭਿਆਨ ਨੰੂ ਲੋਕ ਜਾਗਰੂਕਤਾ ਲਹਿਰ ਬਣਾ ਕੇ ਯੋਜਨਾਬੰਧ ਢੰਗ ਨਾਲ ਕਾਰਜ਼ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚਲਾਏ ਜਲ ਸ਼ਕਤੀ ਅਭਿਆਨ ਤਹਿਤ ਭਾਰਤ ਦੇ 255 ਅਤੇ ਪੰਜਾਬ ਦੇ 20 ਜ਼ਿਲਿਆ ਨੰੂ ਪਾਣੀ ਦਾ ਪੱਧਰ ਕਾਫ਼ੀ ਘੱਟ ਹੋਣ ਕਾਰਣ ਡਾਰਕ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਜਿਨਾਂ ’ਚ ਸੰਗਰੂਰ ਵੀ ਸ਼ਾਮਿਲ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲੇ ਦੇ 9 ਬਲਾਕਾਂ ਅੰਦਰ ਪਾਣੀ ਦੇ ਕੁਦਰਤੀ ਸੌਮੇ ਨੰ ਡਾਰਕ ਜ਼ੋਨ ਤੋਂ ਬਚਾਉਣ ਲਈ 3000 ਹਜ਼ਾਰ ਲੋਕ ਜਾਗਰੂਕਤਾ ਕੈਂਪਾਂ, 9 ਹਜ਼ਾਰ ਤੋਂ ਵਧੇਰੇ ਛੱਪੜਾਂ ਦਾ ਨਵੀਨੀਕਰਣ, 6 ਲੱਖ ਤੋਂ ਵੱਧ ਪੌਂਦੇ, 50 ਵਾਟਰ ਰੀਚਾਰਜ਼ ਪਿੱਟ, ਮੀਂਹ ਦੇ ਪਾਣੀ ਦੀ ਸਾਂਭ ਸੰਭਾਲ, ਛੱਪੜਾਂ ਦੇ ਪਾਣੀ ਨੰੂ ਸਾਫ਼ ਕਰਕੇ ਵਰਤੋਂ ’ਚ ਲਿਆਉਣ, ਤੁਪਕਾ ਸਿਚਾਈ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਲ ਸ਼ਕਤੀ ਅਭਿਆਨ ਤਹਿਤ ਵਧੀਆ ਕਾਰਗੁਜ਼ਾਰੀ ਦੇ ਚਲਦਿਆਂ ਜ਼ਿਲਾ ਸੰਗਰੂਰ ਨੰ ਭਾਰਤ ਦੇ ਪਹਿਲੇ 10 ਜ਼ਿਲਿਆ ਅਤੇ ਪੰਜਾਬ ਅੰਦਰ ਪਹਿਲੇ ਨੰਬਰ ’ਤੇ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਮਨੁੱਖੀ ਜਿੰਦਗੀ ਅੰਦਰ ਪਾਣੀ ਦਾ ਬਹੁਤ ਮਹੱਤਵ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਕੈਂਪਾਂ ਰਾਹੀ ਆਮ ਲੋਕਾਂ ਅਤੇ ਕਿਸਾਨਾਂ ਨੰੂ ਪਾਣੀ ਦੀ ਸੰਜ਼ਮ ਨਾਲ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਅਭਿਆਨ ਨੂੰ ਜ਼ਿਲੇ ’ਚ ਯੋਜਨਾਬੱਧ ਢੰਗ ਨਾਲ ਲਾਗੂ ਕਰਨ ਲਈ ਹਰੇਕ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ।