January 18, 2025
#ਪੰਜਾਬ

ਪੰਜਾਬ ਦੇ ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੇ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਤ ਕਰਨ ਹਿੱਤ ਆਈ.ਆਈ.ਟੀ. ਰੋਪੜ ਨਾਲ ਕੀਤਾ ਸਮਝੌਤਾ ਸਹੀਬੱਧ

ਇਸ ਨਾਲ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਮਿਸ਼ਨ ਇਨੋਵੇਟ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮਿਲੇਗਾ ਹੋਰ ਹੁਲਾਰਾ
ਚੰਡੀਗੜ – ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸਾਹਤ ਕਰਨ ਦੇ ਮੱਦੇਨਜ਼ਰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਨੇ ਮੰਗਲਵਾਰ ਨੂੰ ਸਮਝੌਤਾ ਸਹੀਬੱਧ (ਐਮ.ਓ.ਯੂ.) ਕੀਤਾ।ਇਸ ਸਮਝੌਤੇ ‘ਤੇ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ: ਸਰਿਤ ਕੇ. ਦਾਸ ਨੇ ਹਸਤਾਖਰ ਕੀਤੇ।ਆਈ.ਆਈ.ਟੀ. ਰੋਪੜ ਕੈਂਪਸ ਵਿਖੇ ਸਹੀਬੱਧ ਕੀਤੇ ਇਸ ਸਮਝੌਤੇ ਦਾ ਮੁੱਢਲਾ ਉਦੇਸ ਰਿਸਰਚ ਅਤੇ ਇਨੋਵੇਸ਼ਨ ਨੂੰ ਸਾਂਝੇ ਯਤਨਾ ਨਾਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਆਰਥਿਕ ਵਿਕਾਸ ਨੂੰ ਉਤਸਾਹਤ ਕਰਨ ਦੇ ਨਾਲ ਨਾਲ ਵਧੀਆ ਨੌਕਰੀਆਂ ਪੈਦਾ ਕੀਤੀਆ ਜਾ ਸਕਣ।ਖੋਜ ਵਿੱਚ ਸਹਿਯੋਗ ਦੇ ਹੋਰ ਮੁੱਖ ਖੇਤਰਾਂ ਵਿਚ ਮਿਸ਼ਨ ਇਨੋਵੇਟ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਫ ਹਵਾ, ਸਾਫ ਪਾਣੀ, ਕੂੜਾ ਪ੍ਰਬੰਧਨ, ਸਾਫ ਮਿੱਟੀ, ਹਰਿਆ-ਭਰਿਆ ਪੰਜਾਬ, ਭੋਜਨ ਸੁਰੱਖਿਆ, ਰੋਡ ਸੇਫਟੀ, ਖੇਡੋ ਪੰਜਾਬ, ਪੋਸ਼ਣ ਅਤੇ ਪਰਿਵੈਂਟਿਵ ਹੈਲਥ ਸ਼ਾਮਲ ਹਨ। ਸੂਬੇ ਨੂੰ ਰਿਸਰਚ ਅਤੇ ਇਨੋਵੇਸ਼ਨ ਕੇਂਦਰ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਤਰਜੀਹ ਅਤੇ ਰਿਸਰਚ ਤੇ ਇਨੋਵੇਸ਼ਨ ਦੇ ਖੇਤਰ ਵਿਚ ਆਈ.ਆਈ.ਟੀ. ਰੋਪੜ ਦੀ ਸਮਰੱਥਾ ਨੂੰ ਦੇਖਦੇ ਹੋਏ, ਆਪਸੀ ਹਿੱਤਾਂ ਦੇ ਖੇਤਰ ਵਿਚ ਸਾਂਝੇ ਯਤਨ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਵਿਚ ਵਾਤਾਵਰਨ ਅਤੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ, ਪਾਣੀ ਦੀ ਗੁਣਵੱਤਾ ਸੰਬੰਧੀ ਅੰਕੜਿਆਂ ਦਾ ਵਿਸਲੇਸ਼ਣ ਅਤੇ ਵਿਆਖਿਆ ਅਤੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਲਈ ਵਿਧੀਆਂ ਅਤੇ ਸਾਧਨਾਂ ਦੇ ਨਾਲ ਨਾਲ ਨਵੀਆਂ ਤਕਨੀਕਾਂ ਸਬੰਧੀ ਨਵੀਨਤਮ ਖੋਜਾਂ ਲਈ ਸੂਬੇ ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸਾਂਝੇ ੳਪਰਾਲੇ ਕਰਨਾ ਹੈ। ਇਸੇ ਤਰਾਂ ਇਹ ਸਾਂਝੇ ਉਪਰਾਲੇ ਉਤਪਾਦਨ ਖੇਤਰ ਨੂੰ ਤਕਨੀਕੀ ਸਹਿਯੋਗ ਦੇਣ ਲਈ ਵੀ ਅਤੇ ਉਦਯੋਗ 4.0 ਨੂੰ ਲੋੜੀਂਦਾ ਸਰਮਾਇਆ ਪ੍ਰਦਾਨ ਕਰਾਉਣ ਵਿੱਚ ਸਹਾਈ ਹੋਣਗੇ। ਇਸਦੇ ਨਾਲ ਹੀ ਜ਼ੀਰੋ ਲਿਕੁਇਡ ਡਿਸਚਾਰਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਵਾਧੂ ਪਾਣੀ ਨੂੰ ਨਵਿਆਉਣ ਅਤੇ ਮੁੜ-ਵਰਤਣ ਲਈ ਢੁੱਕਵਾਂ ਮਾਹੌਲ ਪੈਦਾ ਕਰਨ ’ਚ ਮਦਦਗ਼ਾਰ ਸਾਬਤ ਹੋਣਗੇ। ਇਸ ਤੋਂ ਇਲਾਵਾ ਇਹ ਉਪਰਾਲੇ ਸੂਬੇ ਵਿੱਚ ਸਾਜਗਾਰ ਮਾਹੌਲ ਨੂੰ ਪ੍ਰਫੁੱਲਿਤ ਕਰਨ ਲਈ ਮੈਂਟਰਸ਼ਿਪ, ਸਲਾਹ ਅਤੇ ਨਵੀਂ ਤਕਨਾਲੋਜੀ ਦੀ ਆਮਦ ਲਈ ਸਹਾਈ ਹੋਣਗੇ।ਇਸ ਤੋਂ ਇਲਾਵਾ ਖੋਜਾਂ ਸਬੰਧੀ ਕੀਤੇ ਇਹ ਉਪਰਾਲੇ ਨੇਬਰਹੁੱਡ/ਖੇਤਰ ਵਿੱਚ ਹੋਰਾਂ ਅਦਾਰਿਆਂ ਨੂੰ ਸਿਖਲਾਈ ਦੇਣ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਉਣ, ਸਥਾਨਕ ਹਿੱਤਾਂ ਲਈ ਕਾਰਜ-ਕੁਸ਼ਲਤਾ ਵਧਾਉਣ, ਜਾਗਰੂਕਤਾ ਤੇ ਸਿੱਖਿਆ ਸਬੰਧੀ ਪ੍ਰੋਗਰਾਮ ਚਲਾਉਣ ਅਤੇ ਸੂਬੇ ਦੀਆਂ ਵਿਸ਼ੇਸ਼ ਲੋੜਾਂ ਤੇ ਤਰਜੀਹਾਂ ਮੁਤਾਬਕ ਆਪਣੀ ਦਿਲਚਸਪੀ ਅਨੁਸਾਰ ਸ਼ਾਰਟ-ਟਰਮ ਵਿਦਿਆਰਥੀ ਪ੍ਰੋਜੈਕਟ ਚਲਾਉਣ ਵਿੱਚ ਵੀ ਸਹਾਈ ਹੋਣਗੇ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਨੂੰ ਸਿਹਤਮੰਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਮਿਸ਼ਨ ਇਨੋਵੇਟਿਵ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਵੀ ਚਲਾਏ ਗਏ ਹਨ।ਇਸ ਮੌਕੇ ਹੋਰਨਾਂ ਤੋਂ ਬਿਨਾਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ, ਆਈਆਈਟੀ ਰੋਪੜ ਦੇ ਡੀਨ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਦੀਪਕ ਕਸ਼ਯਪ ਅਤੇ ਡੀਨ ਰਿਸਰਚ, ਆਈਆਈਟੀ ਰੋਪੜ ਪ੍ਰੋ. ਜਾਵੇਦ ਅਗਰੇਵਾਲਾ ਸ਼ਾਮਲ ਸਨ।