ਓਐੱਨਜੀਸੀ ਪਲਾਂਟ ਵਿੱਚ ਅੱਗ ਲੱਗੀ; 4 ਹਲਾਕ
ਮਹਾਰਾਸ਼ਟਰ ਦੇ ਨਵੀ ਮੁੰਬਈ ਸਥਿਤ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ਓਐੱਨਜੀਸੀ) ਦੇ ਪਲਾਂਟ ’ਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ ਸੀਆਈਐੱਸਐੱਫ ਦੇ ਤਿੰਨ ਜਵਾਨਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਹਾਦਸੇ ’ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜੋ ਸੀਆਈਐੱਸਐੱਫ ਦੇ ਜਵਾਨ ਹਨ। ਸੀਆਈਐੱਸਐੱਫ ਦੇ ਡੀਆਈਜੀ ਨੀਲਿਮਾ ਸਿੰਘ ਨੇ ਦੱਸਿਆ ਕਿ ਗੈਸ ਲੀਕ ਨੂੰ ਰੋਕਣ ਦਾ ਯਤਨ ਕਰਨ ਵਾਲੇ ਸੀਆਈਐੱਸਐੱਫ ਦੇ ਅੱਗ ਬੁਝਾਉਣ ਵਾਲੇ ਕਰਮੀ ਈ ਨਾਯਾਕਾ, ਸਤੀਸ਼ ਪ੍ਰਸਾਦ ਕੁਸ਼ਵਾਹਾ ਅਤੇ ਐੱਮ ਕੇ ਪਾਸਵਾਨ ਤੇ ਓਐੱਨਜੀਸੀ ਦੇ ਪ੍ਰੋਡਕਸ਼ਨ ਸੁਪਰਡੈਂਟ ਸੀ ਐੱਨ ਰਾਓ ਹਲਾਕ ਹੋਏ ਹਨ।ਓਐੱਨਜੀਸੀ ਨੇ ਦੱਸਿਆ ਕਿ ਹਾਦਸੇ ਕਾਰਨ ਤੇਲ ਪ੍ਰੋਸੈਸਿੰਗ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਗੈਸ ਨੂੰ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਹਜ਼ੀਰਾ ਪਲਾਂਟ ਵੱਲ ਮੋੜ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਉਰਨ ਪਲਾਂਟ ਦੀ ਜਲ ਨਿਕਾਸੀ ਯੂਨਿਟ ’ਚ ਸਵੇਰੇ 6 ਵਜ ਕੇ 47 ਮਿੰਟ ’ਤੇ ਅੱਗ ਲੱਗੀ ਸੀ ਜਿਸ ਨੂੰ ਦੋ ਘੰਟਿਆਂ ਦੇ ਅੰਦਰ ਬੁਝਾ ਲਿਆ ਗਿਆ। ਅੱਗ ਮਗਰੋਂ ਇਲਾਕੇ ’ਚ ਧੂੰਆਂ ਫੈਲ ਗਿਆ ਸੀ। ਪੁਲੀਸ ਨੇ ਪਲਾਂਟ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਹਾਲਾਤ ਕਾਬੂ ਹੇਠ ਹਨ ਅਤੇ ਕੋਈ ਫਿਕਰ ਵਾਲੀ ਗੱਲ ਨਹੀਂ ਹੈ।